‘ਦ ਖ਼ਾਲਸ ਬਿਊਰੋ ( ਫ਼ਰੀਦਕੋਟ ) :- ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਮਾਮਲੇ ‘ਚ ਕੱਲ੍ਹ 10 ਸਤੰਬਰ ਨੂੰ ਇੱਕ ਖ਼ੁਲਾਸਾ ਹੋਇਆ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ (SIT) ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੀ ਸਾਜਿਸ਼ ਉਸ ਵੇਲੇ ਦੇ DGP ਸੁਮੇਧ ਸੈਣੀ ਤੇ IG ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਸੀ, ਅਤੇ ਇਨ੍ਹਾਂ ਅਧਿਕਾਰੀਆਂ ਦੀ ਸਾਜ਼ਿਸ਼ ਤਹਿਤ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਅਦਾਲਤ ‘ਚ ਬਹਿਸ ਦੌਰਾਨ ਰੇਸ਼ਮ ਸਿੰਘ ਦੇ ਵਕੀਲ ਨੇ ਦਾਅਵਾ ਕੀਤਾ ਕਿ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਹੈ ਜਿਸ ਦੇ ਜਵਾਬ ਵਿੱਚ IG ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪ੍ਰਦੀਪ ਸਿੰਘ ਮੁੱਖ ਸਾਜਿਸ਼ਕਾਰ ਨਹੀਂ ਬਲਕਿ ਇਹ ਸਾਜਿਸ਼ ਸਾਬਕਾ DGP ਸੁਮੇਧ ਸੈਣੀ ਤੇ IG ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਗਈ ਸੀ। ਮੁੱਖ ਮੁਲਜ਼ਮ ਤੋਂ ਬਾਅਦ ਵਾਅਦਾ ਮੁਆਫ਼ ਗਵਾਹ ਬਣਨ ਲਈ ਅਦਾਲਤ ਵਿੱਚ ਅਰਜ਼ੀ ਦੇਣ ਵਾਲੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਵੀ ਆਪਣੇ ਬਿਆਨ ‘ਚ ਦਾਅਵਾ ਕੀਤਾ ਹੈ ਕਿ ਬਹਿਬਲ ਗੋਲੀ ਕਾਂਡ ਦੀ ਸਾਜਿਸ਼ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਰਚੀ ਗਈ ਸੀ। ਅੱਜ ਪਹਿਲੀ ਵਾਰੀ ਇੰਸਪੈਕਟਰ ਪ੍ਰਦੀਪ ਸਿੰਘ ਦਾ 18 ਪੰਨਿਆਂ ਦਾ ਬਿਆਨ ਅਦਾਲਤ ਵਿੱਚ ਸੀਲ ਬੰਦ ਲਿਫ਼ਾਫ਼ੇ ’ਚੋਂ ਕੱਢਿਆ ਗਿਆ।
ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਇਸ ਬਿਆਨ ਦੀ ਇੱਕ ਕਾਪੀ ਜਾਂਚ IG ਕੁੰਵਰ ਵਿਜੈ ਪ੍ਰਤਾਪ ਨੂੰ ਸੌਂਪਣ ਤੋਂ ਬਾਅਦ ਪ੍ਰਦੀਪ ਸਿੰਘ ਦੇ ਮੁੱਖ ਗਵਾਹ ਬਣਨ ਦੇ ਮੁੱਦੇ ‘ਤੇ ਬਹਿਸ ਸੁਣਨ ਉਪਰੰਤ ਇਸ ਮਾਮਲੇ ਦੀ ਸੁਣਵਾਈ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਲਤ ਨੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਪੁੱਛਿਆ ਸੀ ਕਿ ਬਹਿਬਲ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਤੇ ਸਾਜ਼ਿਸ਼ਕਾਰ ਕੌਣ ਹਨ ਜਿਸ ‘ਤੇ ਉਨ੍ਹਾਂ ਅਦਾਲਤ ਨੂੰ ਮੁਲਜ਼ਮਾਂ ਤੇ ਸਾਜ਼ਿਸ਼ਕਾਰਾਂ ਦੇ ਨਾਂ ਦੱਸ ਦਿੱਤੇ ਸਨ, ਪਰ ਉਨ੍ਹਾਂ ਅਦਾਲਤ ਦੇ ਬਾਹਰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਨਾ ਹੀ ਅਦਾਲਤ ਵਿੱਚ ਹੋਈ ਕਾਰਵਾਈ ‘ਤੇ ਕੋਈ ਟਿੱਪਣੀ ਕੀਤੀ।