‘ਦ ਖ਼ਾਲਸ ਬਿਊਰੋ :- ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਨੇ ਪੀੜਤ ਪਰਿਵਾਰਾਂ ਨਾਲ 13 ਅਪ੍ਰੈਲ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਸਥਾ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਸਿਰਫ ਸਿਆਸੀ ਮੁਫਾਦਾਂ ਲਈ ਹੀ ਵਰਤਿਆ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਸਬੰਧੀ ਸੁਣਾਏ ਗਏ ਫ਼ੈਸਲੇ ਨੂੰ ਮੰਗਭਾਗਾ ਦੱਸਿਆ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਐਡੋਵੇਕਟ ਜਨਰਲ ਇਸ ਮਾਮਲੇ ਵਿੱਚ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਇੱਕ ਨਿਡਰ ਪੁਲਿਸ ਅਫ਼ਸਰ ਦੱਸਿਆ ਅਤੇ ਕਿਹਾ ਕਿ ਉਬ ਨਿਰਪੱਖ ਢੰਗ ਨਾਲ ਜਾਂਚ ਕਰ ਰਹੇ ਸਨ ਪਰ ਹਾਈ ਕੋਰਟ ਦੇ ਫ਼ੈਸਲੇ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਟੁੱਟ ਗਈ ਹੈ। ਉਨ੍ਹਾਂ ਜਥੇਦਾਰ ਧਿਆਨ ਸਿੰਘ ਮੰਡ ਬਾਰੇ ਕਿਹਾ ਕਿ, ‘‘ਜਥੇਦਾਰ ਸਾਹਿਬ ਮੈਨੂੰ ਪੁੱਛਦੇ ਹਨ ਕਿ ਇਸ ਫ਼ੈਸਲੇ ਤੋਂ ਬਾਅਦ ਕੀ ਹੋਣ ਚਾਹੀਦਾ ਹੈ ਤਾਂ ਮੈ ਉਨ੍ਹਾਂ ਨੂੰ ਸਨੇਹਾ ਦੇਣ ਚਾਹੁੰਦਾ ਹਾਂ ਕਿ ਬਰਗਾੜੀ ਮੋਰਚਾ ਚੁੱਕਣ ਦਾ ਫ਼ੈਸਲਾ ਉਨ੍ਹਾਂ ਕੈਪਟਨ ਸਰਕਾਰ ਦੇ ਮੰਤਰੀ ’ਤੇ ਕਹਿਣ ’ਤੇ ਕੀਤਾ ਸੀ। ਇਸ ਲਈ ਉਹ ਮੋਤੀ ਮਹਿਲ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕਰਨ।’’