‘ਦ ਖ਼ਾਲਸ ਬਿਊਰੋ :- ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁਕੰਮਲ ਹੋ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਦਾਅਵਾ ਕਰਦਿਆਂ ਕਿਹਾ ਕਿ ਹੁਣ ਤੱਕ 8 ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਇੱਕ ਚਲਾਨ ਆਉਣਾ ਬਾਕੀ ਹੈ। ਜਾਂਚ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਕਰੀਬ ਦੋ ਸਾਲ ਚੱਲੀ ਪੜਤਾਲ ਦੌਰਾਨ ਜੋ ਵੀ ਸਬੂਤ ਅਤੇ ਗਵਾਹ ਜਾਂਚ ਟੀਮ ਨੂੰ ਮਿਲੇ, ਉਹ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਹਨ। ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਕੇਸ ਵਿੱਚ ਮੁਆਫ਼ੀ ਦੇਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਗੋਲੀ ਕਾਂਡ ਕਰਵਾਇਆ ਗਿਆ। ਜਾਂਚ ਟੀਮ ਨੇ ਆਪਣੀ ਰਿਪੋਰਟ ਦੇ ਸਫ਼ਾ ਨੰਬਰ-41 ਵਿੱਚ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਵਿੱਚ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੀ ਕਥਿਤ ਤੌਰ ’ਤੇ ਸ਼ਾਮਿਲ ਸਨ। ਹਾਲਾਂਕਿ, ਜਾਂਚ ਟੀਮ ਨੇ ਸੁਖਬੀਰ ਬਾਦਲ ਖ਼ਿਲਾਫ਼ ਅਦਾਲਤ ਵਿੱਚ ਕੋਈ ਚਲਾਨ ਪੇਸ਼ ਨਹੀਂ ਕੀਤਾ। ਆਪਣੀ ਪੜਤਾਲ ਰਿਪੋਰਟ ਨੂੰ ਹਰ ਪੱਖ ਤੋਂ ਮੁਕੰਮਲ ਦੱਸਦਿਆਂ ਜਾਂਚ ਟੀਮ ਨੇ ਕਿਹਾ ਕਿ ਹੁਣ ਅਦਾਲਤ ਇਸ ਮਾਮਲੇ ਵਿੱਚ ਸੁਣਵਾਈ ਕਰੇਗੀ।

Related Post
India, International, Punjab, Video
Video – Headlines Bulletin । ਅੱਜ ਦੀਆਂ ਵੱਡੀਆਂ ਮੁੱਖ
January 28, 2026
