‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਕਾਲੀ ਲੀਡਰ ਚਰਨਜੀਤ ਬਰਾੜ ਨੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹੁਣ ਵਾਲੀ ਹੈ। ਕਾਂਗਰਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲਿਆਂ ‘ਤੇ ਉਂਗਲ ਚੁੱਕਣਾ ਕੋਈ ਵੱਡੀ ਗੱਲ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਨੂੰ ਸਿਰਫ ਤਲਬ ਕਰ ਸਕਦਾ ਹੈ। ਚਰਨਜੀਤ ਬਰਾੜ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਕੱਲਾ ਹੀ ਪ੍ਰਧਾਨ ਬਣਿਆ ਫਿਰਦਾ ਸੀ ਅਤੇ ਉਸਨੇ ਐੱਸਆਈਟੀ ਦੇ ਸਾਰੇ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਸਿੱਟ ਦੇ ਮੈਂਬਰਾਂ ਨੇ ਲਿਖਤੀ ਰੂਪ ਵਿੱਚ ਡੀਜੀਪੀ ਨੂੰ ਸ਼ਿਕਾਇਤ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਕੋਈ ਸਲਾਹ ਨਹੀਂ ਕਰਦੇ ਹਨ, ਸਾਨੂੰ ਰਿਪੋਰਟ ਤੱਕ ਨਹੀਂ ਦਿਖਾਉਂਦੇ। ਉਸ ਤੋਂ ਬਾਅਦ ਸਿਰਫ ਇਹ ਇਕੱਲੇ ਹੀ ਰਹਿ ਗਏ ਸਨ, ਜਿਸਨੇ ਕੈਪਟਨ ਦੇ ਇਸ਼ਾਰਿਆਂ ‘ਤੇ ਵਿਰੋਧੀ ਧਿਰ ਦੇ ਲੀਡਰਾਂ ਖਿਲਾਫ ਕਾਰਵਾਈ ਕਰ ਰਿਹਾ ਸੀ। ਅਸੀਂ ਨਾ ਤਾਂ ਇਨ੍ਹਾਂ ਦੀ ਰਿਪੋਰਟ ਨੂੰ ਰੱਦ ਕਰਨ ਲਈ ਹਾਈਕੋਰਟ ਵਿੱਚ ਅਪੀਲ ਕੀਤੀ ਸੀ ਅਤੇ ਨਾ ਹੀ ਸਿੱਟ ਦੀ ਜਾਂਚ ਰਿਪੋਰਟ ਨੂੰ ਅਸੀਂ ਰੱਦ ਕੀਤਾ ਹੈ। ਇਨ੍ਹਾਂ ਨੇ ਅੱਜ ਤੱਕ ਇਸ ਮਾਮਲੇ ਵਿੱਚ ਕਿਸਨੂੰ ਸਜ਼ਾ ਦਿਵਾਈ ਹੈ।
ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਐੱਸਆਈਟੀ ਦੀ ਰਿਪੋਰਟ ਕੋਈ ਗੁਪਤ ਦਸਤਾਵੇਜ਼ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੋ ਰਾਜਨੀਤੀ ਖੇਡੀ ਹੈ, ਇਸ ਮਾਮਲੇ ਵਿੱਚ 9 ਬੰਦੇ ਫੜ੍ਹੇ ਵੀ ਗਏ ਅਤੇ ਇਨ੍ਹਾਂ ਬੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਗੱਲ ਵੀ ਮੰਨੀ ਹੈ।