Punjab

ਸ਼੍ਰੀ ਦਰਬਾਰ ਸਾਹਿਬ ਵਾਂਗ ਜੰਗਲਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵੱਡੀ ਸਾਜਿਸ਼ ! ਮੁਲਜ਼ਮ ਕਾਬੂ

ਸ਼੍ਰੀ ਮਸਤੂਆਣਾ ਸਾਹਿਬ

ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ।

ਖਾਲਸ ਬਿਊਰੋ:ਸੰਗਰੂਰ ਦੇ ਇਤਿਹਾਸਕ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਵੱਡੀ ਹਰਕਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ਼ ‘ਤੇ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮ ਜਦੋਂ ਜੰਗਲਾ ਤੋੜ ਕੇ ਬੇਅਦਬੀ ਕਰਨ ਲਈ ਅੱਗੇ ਵਧਿਆ ਤਾਂ ਉਸ ਨੂੰ ਫੜ੍ਹ ਲਿਆ ਗਿਆ। ਸ਼ੱਕੀ ਵਿਅਕਤੀ ਦੀ ਜਾਂਚ ਸ਼ੁਰੂ ਹੋ ਗਈ ਹੈ। ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਕੌਣ ਸੀ ? ਕਿਸ ਨੇ ਉਸ ਨੂੰ ਭੇਜਿਆ ਸੀ ਅਤੇ ਇਸ ਪਿੱਛੇ ਕੀ ਮਕਸਦ ਸੀ ? ਇਹ ਉਹ ਸਵਾਲ ਹਨ, ਜਿਨ੍ਹਾਂ ਦੀ ਪੁਲਿਸ ਨੂੰ ਜਾਂਚ ਕਰਨੀ ਹੋਵੇਗੀ ਕਿਉਂਕਿ ਬੇਅਦਬੀ ਦੀ ਘਟਨਾ ਦੀ ਇੱਕ ਵੀ ਚਿੰਗਾਰੀ ਪੂਰੇ ਪੰਜਾਬ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ ਅਤੇ ਸੂਬੇ ਦਾ ਮਾਹੌਲ ਖਰਾਬ ਹੋਣ ਦਾ ਡਰ ਬਣ ਜਾਵੇਗਾ।

 

ਪੁਲਿਸ ਨੂੰ ਇਨ੍ਹਾਂ ਸਬੂਤਾਂ ਦੀ ਤਲਾਸ਼ ਕਰਨੀ ਹੋਵੇਗੀ

ਪੁਲਿਸ ਨੂੰ ਮਸਤੂਆਣਾ ਸਾਹਿਬ ਦੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰਨੀ ਹੋਵੇਗੀ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਕਦੋਂ ਗੁਰਦੁਆਰੇ ਵਿੱਚ ਦਾਖਲ ਹੋਇਆ ? ਕੀ ਉਸ ਦੇ ਨਾਲ ਕੋਈ ਸੀ ਜਾਂ ਫਿਰ ਉਹ ਇਕੱਲਾ ਸੀ ? ਉਸ ਦੀ ਹਰ ਹਰਕਤ ਦੀ ਬਰੀਕੀ ਨਾਲ ਜਾਂਚ ਕਰਨੀ ਪਵੇਗੀ ? ਉਸ ਕੋਲ ਮਿਲੇ ਦਸਤਾਵੇਜ਼ ਜਾਂ ਫਿਰ ਮੋਬਾਈਲ ਫੋਨ ਬੇਅਦਬੀ ਦਾ ਰਾਜ਼ ਖੋਲ੍ਹ ਸਕਦੇ ਹਨ। ਗੁਰਦੁਆਰੇ ਦੇ ਬਾਹਰ ਲੱਗੇ CCTV ਨੂੰ ਖੰਘਾਲਣਾ ਹੋਵੇਗਾ ਤਾਂ ਕਿ ਕੋਈ ਅਜਿਹਾ ਸਬੂਤ ਮਿਲ ਸਕੇ ਕਿ ਆਖਿਰ ਕਿਸ ਦੀ ਸ਼ਹਿ ‘ਤੇ ਬੇਅਦਬੀ ਕਰਨ ਵਾਲਾ ਵਿਅਕਤੀ ਗੁਰੂ ਘਰ ਵਿੱਚ ਇਸ ਹਰਕਤ ਨੂੰ ਅੰਜਾਮ ਦੇਣ ਲਈ ਦਾਖਲ ਹੋਇਆ ਸੀ। ਉਸ ਨਾਲ ਹੋਰ ਕੌਣ-ਕੌਣ ਲੋਕ ਹਨ, ਜਿਹੜੇ ਇਸ ਹਰਕਤ ਵਿੱਚ ਸ਼ਾਮਲ ਹੋ ਸਕਦੇ ਹਨ ? ਇਹ ਉਹ ਸਵਾਲ ਹਨ, ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੋਈ ਬੇਅਦਬੀ ਦੀ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੇ ਨਾਲ ਹੀ ਦੱਬ ਗਏ ਸਨ। ਗੁਰਦੁਆਰਾ ਮਸਤੂਆਣਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਪੈਂਦਾ ਹੈ। ਉਹ ਕੁਝ ਦਿਨ ਪਹਿਲਾਂ ਹੀ ਇੱਥੇ ਨਵੇਂ ਖੁੱਲ੍ਹਣ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖ ਕੇ ਆਏ ਸਨ।