India Punjab

ਬੇਬੇ ਮਾਨ ਕੌਰ ਕਹਿ ਗਏ ਸਦਾ ਲਈ ਅਲਵਿਦਾ

‘ਦ ਖ਼ਾਲਸ ਬਿਊਰੋ :- ਕੌਮਾਂਤਰੀ ਵੈਟਰਨ ਐਥਲੀਟ ਬੇਬੇ ਮਾਨ ਕੌਰ ਸਾਥੋਂ ਸਦਾ ਲਈ ਵਿਛੜ ਗਏ ਹਨ। ਉਨ੍ਹਾਂ ਨੇ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਬੇਬੇ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਠੀਕ ਚੱਲ ਰਹੇ ਸਨ ਪਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਉਹ ਸਾਡੇ ਤੋਂ ਸਦਾ ਲਈ ਵਿਛੜ ਗਏ। ਬੇਬੇ ਮਾਨ ਕੌਰ ਨੇ ਦੌੜਨਾ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੀ ਦੌੜ ਵਿੱਚ 20 ਤਗਮੇ ਫੁੰਡੇ। ਕੈਨੇਡਾ ਤੇ ਅਮਰੀਕਾ ਵਿੱਚ ਸੋਨੇ ਦੇ ਤਗਮੇ ਉਨ੍ਹਾਂ ਦੀ ਝੋਲੀ ਵਿੱਚ ਪਏ। ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਹੋਈਆਂ 17ਵੀਆਂ ਵਰਲਡ ਮਾਸਟਰਜ਼ ਗੇਮਜ਼ ਵਿੱਚ 100 ਪਲੱਸ ਵਰਗ ਦੀ 100 ਮੀਟਰ ਦੀ ਦੌੜ ਵਿੱਚ ਆਪਣਾ ਪੁਰਾਣਾ ਰਿਕਾਰਡ ਤੋੜਿਆ। ਉਨ੍ਹਾਂ ਨੇ ਵੈਨਕੂਵਰ ਵਿੱਚ ਹੋਈਆਂ ਖੇਡਾਂ ਵਿੱਚ ਇੱਕ ਹੋਰ ਰਿਕਾਰਡ ਤੋੜਿਆ। ਜਿਹੜੀ ਦੌੜ ਪਹਿਲਾਂ ਉਨ੍ਹਾਂ ਨੇ 1.20 ਮਿੰਟ ਵਿੱਚ ਪੂਰੀ ਕੀਤੀ ਸੀ, ਕੈਨੇਡਾ ਦੀਆਂ ਖੇਡਾਂ ਵਿੱਚ ਉਹ 1.14 ਮਿੰਟਾਂ ਵਿੱਚ ਪੂਰੀ ਕਰ ਗਏ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਵੀ 75 ਪਲੱਸ ਵਰਗ ਵਿੱਚ ਚਾਂਦੀ ਦਾ ਜਗਮਾ ਜਿੱਤਿਆ ਸੀ। ਉਹ ਆਪਣੀ ਸਿਹਤ ਦਾ ਰਾਜ਼ ਸੰਤੁਲਿਤ ਭੋਜਨ ਦੱਸਦੇ ਸਨ। ਉਨ੍ਹਾਂ ਨੇ ਖਿਡਾਰੀਆਂ ਨੂੰ ਧਾਰਮਿਕ ਬਿਰਤੀ ਨਾਲ ਜੁੜਨ ਦੀ ਸਲਾਹ ਦਿੱਤੀ।