Punjab

27 ਸਾਲ ਬਾਅਦ ਬੇਅੰਤ ਸਿੰਘ ਮਾਮਲੇ ‘ਚ ਬੰਦ ਬੰਦੀ ਸਿੰਘ ਨੂੰ ਮਿਲੀ ਜ਼ਮਾਨਤ !

ਬਿਊਰੋ ਰਿਪੋਰਟ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਵਿੱਚ ਬੰਦੀ ਸਿੰਘ ਗੁਰਮੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ, ਉਨ੍ਹਾਂ ਨੂੰ ਮੁੱਖ ਮੈਜੀਸਟ੍ਰੇਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਨੂੰ 2-2 ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਹੈ । ਵਕੀਲ ਜਸਪਾਲ ਸਿੰਘ ਮੰਜਪੁਰ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਕੋਰਟ ਨੂੰ ਦੱਸਿਆ ਕਿ ਸਾਰੇ ਮੁਲਜ਼ਮਾਂ ਨੇ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਅਦਾਲਤ ਤੋਂ ਰੈਗੂਲਰ ਬੇਲ ਮਿਲਣੀ ਚਾਹੀਦੀ ਹੈ,ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ । ਇਸ ਤੋਂ ਪਹਿਲਾਂ ਇੱਕ ਹੋਰ ਬੰਦੀ ਸਿੰਘ ਲਖਵਿੰਦਰ ਸਿੰਘ ਨੂੰ ਮਈ ਵਿੱਚ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਸੀ ।

27 ਸਾਲ ਦੀ ਸਜ਼ਾ ਪੂਰੀ ਕਰ ਚੁੱਕਿਆ ਹੈ ਗੁਰਮੀਤ ਸਿੰਘ

ਬੇਅੰਤ ਸਿੰਘ ਕਤਲਕਾਂਡ ਵਿੱਚ ਬੰਦ ਗੁਰਮੀਤ ਸਿੰਘ 27 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਚੁੱਕਿਆ ਹੈ,ਕੁਝ ਸਮੇਂ ਪਹਿਲਾਂ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿੱਚ ਬੰਦ ਗੁਰਮੀਤ ਸਿੰਘ ਨੇ ਇਸ ਅਧਾਰ ਨਾਲ ਰਿਹਾਈ ਦੀ ਮੰਗ ਕੀਤੀ ਸੀ ਕਿ ਉਹ 27 ਸਾਲ ਪਹਿਲਾਂ ਹੀ ਜੇਲ੍ਹ ਵਿੱਚ ਪੂਰੇ ਕਰ ਚੁੱਕਿਆ ਹੈ, ਉਸ ਨੇ ਤਰਕ ਦਿੱਤਾ ਸੀ ਮੇਰੇ ਨਾਲ ਭੇਦਭਾਵ ਹੋ ਰਿਹਾ ਹੈ,ਕਿਉਂਕਿ 14 ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਕਈ ਉਮਰ ਕੈਦ ਦੇ ਮੁਲਜ਼ਮਾਂ ਨੂੰ ਛੱਡ ਦਿੱਤਾ ਗਿਆ ਹੈ । ਹਾਲਾਂਕਿ ਪੈਰੋਲ ਅਤੇ ਫਰਲੋ ‘ਤੇ ਗੁਰਮੀਤ ਸਿੰਘ ਪਹਿਲਾਂ ਵੀ ਕਈ ਵਾਰ ਬਾਹਰ ਆ ਚੁੱਕੇ ਹਨ ।

ਜੁਲਾਈ 2007 ਵਿੱਚ ਸੁਣਾਈ ਗਈ ਸੀ ਸਜ਼ਾ

ਗੁਰਮੀਤ ਸਿੰਘ 1995 ਤੋਂ ਸਲਾਖਾ ਦੇ ਪਿੱਛੇ ਸਜ਼ਾ ਕੱਟ ਰਿਹੇ ਸਨ, 27 ਮਈ 2007 ਵਿੱਚ ਬੇਅੰਤ ਸਿੰਘ ਕਤਲਕਾਂਡ ਮਾਮਲੇ ਵਿੱਚ ਬਲਵੰਤ ਸਿੰਘ,ਜਗਤਾਰ ਸਿੰਘ ਤਾਰਾ,ਨਸੀਬ ਸਿੰਘ,ਸ਼ਮਸ਼ੇਰ ਸਿੰਘ,ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ CBI ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਜਦਕਿ ਇੱਕ ਨੂੰ ਬਰੀ ਕਰ ਦਿੱਤਾ ਗਿਆ ਸੀ । 31 ਜੁਲਾਈ ਨੂੰ ਬਲਵੰਤ ਸਿੰਘ,ਜਗਤਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ,ਸ਼ਮਸ਼ੇਰ ਸਿੰਘ,ਗੁਰਮੀਤ ਸਿੰਘ,ਲਖਵਿੰਦਰ ਸਿੰਘ ਨੂੰ ਉਮਰ ਕੈਦ ਅਤੇ ਨਸੀਬ ਸਿੰਘ ਨੂੰ 10 ਦੀ ਸਜ਼ਾ ਸੁਣਾਈ ਗਈ ਸੀ ।