India Sports

BCCI ਨੇ T20 ਵਿਸ਼ਵ ਚੈਂਪੀਅਨ ਟੀਮ ਇੰਡੀਆ ਲਈ 125 ਕਰੋੜ ਰੁਪਏ ਦੇ ਇਨਾਮ ਦਾ ਕੀਤਾ ਐਲਾਨ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ T20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਲਈ 125 ਕਰੋੜ ਰੁਪਏ ਦੇ ਇਨਾਮਾਂ ਦਾ ਐਲਾਨ ਕੀਤਾ ਹੈ। ਬਾਰਬਾਡੋਸ ਵਿੱਚ ਖੇਡੇ ਗਏ ਫਾਈਨਲ ਮੈਚ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਰੋਹਿਤ ਸ਼ਰਮਾ ਦੀ ਕਪਤਾਨੀ ‘’’ਚ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। 11 ਸਾਲਾਂ ਵਿੱਚ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖ਼ਿਤਾਬ ਹੈ।

ਜੈ ਸ਼ਾਹ ਨੇ ਕੀਤਾ ਇਨਾਮ ਦਾ ਐਲਾਨ

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 125 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੈ ਸ਼ਾਹ ਨੇ X ’ਤੇ ਲਿਖਿਆ, ਮੈਨੂੰ ICC ਪੁਰਸ਼ ਟੀ-20 ਵਿਸ਼ਵ ਕੱਪ 2024 ਦੀ ਜੇਤੂ ਭਾਰਤੀ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਪ੍ਰਤਿਭਾ, ਦ੍ਰਿੜਤਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵਧਾਈ।

ਇਸ ਤੋਂ ਇਲਾਵਾ ਆਈਸੀਸੀ ਵੱਲੋਂ ਵੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 20.36 ਕਰੋੜ ਰੁਪਏ (2.45 ਕਰੋੜ ਅਮਰੀਕੀ ਡਾਲਰ) ਮਿਲੇ ਹਨ। ਪਿਛਲੇ ਕਿਸੇ ਵੀ ਟੀ-20 ਵਿਸ਼ਵ ਕੱਪ ਵਿੱਚ ਜੇਤੂ ਟੀਮ ਨੂੰ ਇੰਨੇ ਪੈਸੇ ਨਹੀਂ ਮਿਲੇ ਸਨ। ਇਸ ਸਾਲ ਇਸ ਟੂਰਨਾਮੈਂਟ ਵਿੱਚ ਰਿਕਾਰਡ 20 ਟੀਮਾਂ ਖੇਡੀਆਂ। ਇਸ ਕਾਰਨ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਸੀ।