Punjab

ਮੋਹਾਲੀ ’ਚ ਪ੍ਰਾਈਵੇਟ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਜਬਰ-ਜਨਾਹ, ਜਬਰਨ ਬਣਾਈ ਵੀਡੀਓ

Rape

ਬਿਊਰੋ ਰਿਪੋਰਟ (13 ਨਵੰਬਰ, 2025): ਮੋਹਾਲੀ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਬੀ.ਸੀ.ਏ. (BCA) ਤੀਜੇ ਸਾਲ ਦੀ ਵਿਦਿਆਰਥਣ ਨਾਲ ਦਿਨ-ਦਿਹਾੜੇ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਵਾਲਾ ਵਿਦਿਆਰਥਣ ਦਾ ਜਾਣਕਾਰ ਹੈ ਅਤੇ ਉਸੇ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ।

ਮੁਲਜ਼ਮ ਨੇ ਵਿਦਿਆਰਥਣ ਨੂੰ ਇੱਕ ਇਨਵੈਸਟਮੈਂਟ ਐਪ (Investment App) ਬਾਰੇ ਸਮਝਾਉਣ ਦੇ ਬਹਾਨੇ ਆਪਣੇ ਫਲੈਟ ’ਤੇ ਬੁਲਾਇਆ। ਫਿਰ ਕਮਰਾ ਬੰਦ ਕਰਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਇਸ ਦੌਰਾਨ ਉਸਦੀ ਵੀਡੀਓ ਵੀ ਬਣਾ ਲਈ।

ਪੀੜਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਯੂਨੀਵਰਸਿਟੀ ਦੇ ਬੀ.ਟੈਕ. (B.Tech) ਦੂਜੇ ਸਾਲ ਦੇ ਵਿਦਿਆਰਥੀ ਆਰੀਅਨ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਹੈ।

ਘਟਨਾ ਦਾ ਪੂਰਾ ਵੇਰਵਾ

ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨਾਲ ਉਸ ਦੀ ਦੋਸਤੀ 2 ਸਾਲ ਪਹਿਲਾਂ ਹੋਈ ਸੀ। ਮੁਲਜ਼ਮ ਖਰੜ ਦੀ ਇੱਕ ਸੋਸਾਇਟੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਮੁਲਜ਼ਮ ਨੇ 6 ਨਵੰਬਰ ਨੂੰ ਸ਼ਾਮ 4 ਵਜੇ ਉਸ ਨੂੰ ਆਪਣੇ ਫਲੈਟ ’ਤੇ ਬੁਲਾਇਆ ਸੀ, ਜਿੱਥੇ ਉਸ ਨੇ ਕਮਰਾ ਬੰਦ ਕਰਕੇ ਪਹਿਲਾਂ ਉਸ ਨੂੰ ਹਾਲੀਵੁੱਡ ਮੂਵੀ ਦਿਖਾਈ।

ਜਦੋਂ ਵਿਦਿਆਰਥਣ ਨੇ ਕਮਰੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਉਸ ਨੂੰ ਫੜ ਲਿਆ ਅਤੇ ਜਬਰਦਸਤੀ ਕਰਨ ਲੱਗਾ। ਵਿਰੋਧ ਕਰਨ ’ਤੇ ਉਸ ਨੇ ਕਮਰੇ ਵਿੱਚ ਸਪੀਕਰ ਦੀ ਆਵਾਜ਼ ਤੇਜ਼ ਕਰ ਦਿੱਤੀ ਤਾਂ ਜੋ ਉਸਦੀ ਚੀਕ ਦੀ ਆਵਾਜ਼ ਬਾਹਰ ਨਾ ਜਾ ਸਕੇ। ਵਾਰਦਾਤ ਤੋਂ ਬਾਅਦ ਉਸ ਨੇ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਵੀਡੀਓ ਬਣਾ ਕੇ ਬਲੈਕਮੇਲ ਕੀਤਾ

ਮੁਲਜ਼ਮ ਨੇ ਪੀੜਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਮੋਬਾਈਲ ਕੈਮਰੇ ਸਾਹਮਣੇ ਰਿਕਾਰਡਿੰਗ ’ਤੇ ਮਜ਼ਬੂਰ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਆਈ ਸੀ ਅਤੇ ਜੋ ਕੁਝ ਹੋਇਆ, ਉਹ ਉਸਦੀ ਸਹਿਮਤੀ ਨਾਲ ਹੋਇਆ।

ਘਟਨਾ ਤੋਂ ਬਾਅਦ ਡਰੀ ਹੋਈ ਵਿਦਿਆਰਥਣ ਨੇ ਅਗਲੇ ਦਿਨ ਆਪਣੀ ਸਹੇਲੀ ਅਤੇ ਫਿਰ ਪਿਤਾ ਨੂੰ ਸਾਰੀ ਗੱਲ ਦੱਸੀ। ਪੀੜਤਾ ਦੇ ਚਾਚੇ ਨਾਲ ਥਾਣੇ ਪਹੁੰਚਣ ’ਤੇ, ਪੁਲਿਸ ਨੇ ਮੁਲਜ਼ਮ ਆਰੀਅਨ ਖਿਲਾਫ਼ ਧਾਰਾ 64, 351(2) ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤਾ ਦਾ ਸਿਵਲ ਹਸਪਤਾਲ ਖਰੜ ਵਿੱਚ ਮੈਡੀਕਲ ਕਰਵਾਇਆ ਗਿਆ ਹੈ।