Punjab

ਬਠਿੰਡਾ ਵਿੱਚ ਚੋਣਾਂ ਦੌਰਾਨ ਹਿੰਸਾ! ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕਾਰ ਦੀ ਭੰਨਤੋੜ

ਬਿਉਰੋ ਰਿਪੋਰਟ: ਬਠਿੰਡਾ ਦੇ ਪਿੰਡ ਆਕਲੀਆਂ ਕਲਾਂ ’ਚ ਚੋਣਾਂ ਦੌਰਾਨ ਕੁਝ ਨੌਜਵਾਨਾਂ ਨੇ ਇੱਕ ਕਾਰ ’ਤੇ ਹਮਲਾ ਕਰ ਦਿੱਤਾ। ਇਹ ਕਾਰ ਟਰੱਕ ਯੂਨੀਅਨ ਆਕਲੀਆਂ ਕਲਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਕਾਰ ਉਨ੍ਹਾਂ ਦਾ ਭਰਾ ਚਲਾ ਰਿਹਾ ਸੀ, ਜੋ ਉਨ੍ਹਾਂ ਦੇ ਘਰੋਂ ਵੋਟਰਾਂ ਨੂੰ ਲੈਣ ਗਿਆ ਸੀ।

ਇਸ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪਰ ਫਿਲਹਾਲ ਮੁਲਜ਼ਮ ਫ਼ਰਾਰ ਹਨ। ਥਾਣਾ ਨਈਆਂਵਾਲਾ ਦੇ ਐਸਐਚਓ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਹਨ। ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।