‘ਦ ਖ਼ਾਲਸ ਬਿਊਰੋ :- ਬਠਿੰਡਾ – ਚੰਡੀਗੜ੍ਹ ਨੈਸ਼ਨਲ ਹਾਈਵੇਅ ਵਿਖੇ ਪੈਂਦੇ ਪਿੰਡ ਨਦਾਮਪੁਰ ‘ਚ 25 ਅਗਸਤ ਦੀ ਰਾਤ ਨੂੰ ਕਿਸੇ ਅਨਜਾਣ ਵਿਅਕਤੀ ਵੱਲੋਂ ਵਰਤੀਆਂ ਗਈਆਂ PPE ਕਿੱਟਾਂ ਸੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ।
ਦੱਸਣਯੋਗ ਹੈ ਕਿ ਪਿੰਡ ਨਦਾਮਪੁਰ ਨੈਸ਼ਨਲ ਹਾਈਵੇਅ ’ਤੇ ਪਾਵਰਕੌਮ ਦਾ ਪਾਵਰ ਹਾਊਸ, ਵਣ ਵਿਭਾਗ ਦਾ ਦਫ਼ਤਰ, ਸਰਕਾਰੀ ਰੈਸਟ ਹਾਊਸ ਬਣੇ ਹੋਏ ਹਨ, ਜਿਸ ਕਾਰਨ ਇੱਥੇ ਆਮ ਲੋਕਾਂ ਦੀ ਆਵਾਜਾਈ ਜ਼ਿਆਦਾ ਤਰ ਬਣੀ ਰਹਿੰਦੀ ਹੈ। ਪਰ ਇਨ੍ਹਾਂ PPE ਕਿੱਟਾਂ ਸਿੱਟਣ ਮਗਰੋਂ ਹੁਣ ਲੋਕਾਂ ‘ਚ ਡਰ ਵਾਲਾ ਮਾਹੌਲ ਤੇ ਭਾਰੀ ਰੋਸ ਹੈ। ਘਟਨਾ ਮੌਕੇ ਪੁਲੀਸ, ਸਿਵਲ ਪ੍ਰਸ਼ਾਸਨ ਤੇ ਪ੍ਰਦੂਸ਼ਨ ਬੋਰਡ ਦੇ ਅਧਿਕਾਰੀ ਪਹੁੰਚ ਗਏ ਸਨ, ਜਿਨ੍ਹਾਂ ਨੇ ਕਿੱਟਾਂ ਨੂੰ ਗੱਡੀਆਂ ਦਾ ਪ੍ਰਬੰਧ ਕਰਕੇ ਇਥੋਂ ਚੁੱਕਵਾ ਦਿੱਤਾ। ਪਿੰਡ ਨਦਾਮਪੁਰ ਦੇ ਰਾਧੇ ਸ਼ਿਆਮ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਕਿਹਾ ਕਿ ਇਹ ਬਹੁਤ ਵੱਡੀ ਲਾਪ੍ਰਵਾਹੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਐੱਸਐੱਮਓ ਭਵਾਨੀਗੜ੍ਹ ਡਾ. ਪਰਵੀਨ ਗਰਗ ਨੇ ਕਿਹਾ ਕਿ ਵਰਤੀਆਂ ਕਿੱਟਾਂ ਇਕੱਠੀਆਂ ਕਰਨ ਵਾਲਾ ਵੱਖਰਾ ਵਿਭਾਗ ਹੈ, ਜਿਸ ਨੇ ਇਹ ਕੰਮ ਕੀਤਾ ਹੈ ਇਹ ਬਹੁਤ ਵੱਡੀ ਅਣਗਹਿਲੀ ਹੈ। ਪੁਲੀਸ ਤੇ ਪ੍ਰਦੂਸ਼ਣ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ, ਅਗਲੀ ਕਾਰਵਾਈ ਉਹ ਕਰਨਗੇ। ਸਿਮਰਪ੍ਰੀਤ ਸਿੰਘ ਜੇਈ ਪੰਜਾਬ ਪ੍ਰਦੂਸ਼ਨ ਬੋਰਡ ਨੇ ਦੱਸਿਆ ਕਿ ਹਸਪਤਾਲਾਂ ਵਿਚੋਂ ਜੋ ਕੰਪਨੀ ਇਹ ਕਿੱਟਾਂ ਚੁੱਕਦੀ ਹੈ ਉਸ ਨੂੰ ਹਸਪਤਾਲ ਵੱਲੋਂ ਇਨ੍ਹਾਂ ਕਿੱਟਾਂ ਨੂੰ ਨਸ਼ਟ ਕਰਨ ਲਈ ਥੋੜਾ ਖਰਚਾ ਦੇਣਾ ਪੈਂਦਾ ਹੈ। ਥਾਣਾ ਭਵਾਨੀਗੜ੍ਹ ਦੇ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਐੱਸਐੱਮਓ ਭਵਾਨੀਗੜ੍ਹ ਵਲੋਂ ਚਿੱਠੀ ਜਾਰੀ ਕਰਨ ’ਤੇ ਪਰਚਾ ਦਰਜ ਕੀਤਾ ਜਾਵੇਗਾ।