ਬਠਿੰਡਾ : ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਇਹ ਪੋਸਟਰ ਬਠਿੰਡਾ ਵਿੱਚ ਲੱਗਿਆ ਹੈ । ਪੋਸਟਰ ਨੂੰ ਵੇਖ ਕੇ ਲੋਕ ਭੜਕ ਗਏ ਹਨ ਅਤੇ ਆਪਣੀ ਸਖ਼ਤ ਟਿੱਪਣੀਆਂ ਦੇ ਰਹੇ ਹਨ। ਦਰਾਸਲ ਇਸ ਪੋਸਟਰ ਵਿੱਚ ਲਿੱਖਿਆ ਕੀ ਹੈ ਪਹਿਲਾਂ ਤੁਹਾਨੂੰ ਇਹ ਦੱਸ ਦੇ ਹਾਂ ਫਿਰ ਵਿਵਾਦ ਬਾਰੇ ਵੀ ਜਾਣਕਾਰੀ ਦੇਵਾਂਗੇ। ਪੋਸਟਰ ਦੇ ਟਾਇਟਲ ਵਿੱਚ ਲਿੱਖਿਆ ਹੋਇਆ ਹੈ ‘ਸੁੰਦਰ ਕੁੜੀਆਂ ਦਾ ਮੁਕਾਬਲਾ’ ਇਸ ਤੋਂ ਬਾਅਦ ਹੇਠਾਂ ਲਿੱਖਿਆ ਹੈ ‘ਸਵੀਟ ਮਿਲਕ ਹੋਟਲ ਬਠਿੰਡਾ ਵਿਖੇ ਮਿਤੀ 23 ਅਕਤੂਬਰ 2022,ਸਮਾਂ 2 ਵਜੇ ਜਨਰਲ ਕਾਸਟ ਸੁੰਦਰ ਲੜਕੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ। ਮੁਕਾਬਲਾ ਜਿੱਤਣ ਵਾਲੀ (ਜਨਰਲ ਕਾਸਟ) ਸੁੰਦਰ ਲੜਕੀ ਨੂੰ ਕੈਨੇਡਾ NRI (ਜਨਰਲ ਕਾਸਟ) ਪੱਕੇ ਲੜਕੇ ਦੇ ਪੱਕੇ ਵਿਆਹ ਦੀ ਆਫਰ ਦਿੱਤੀ ਜਾਵੇਗੀ,ਚਾਹਵਾਨ ਲੜਕੀਆਂ ਸਮੇਂ ਸਿਰ ਆਉਣ ਜੀ’ ਇਸ ਦੇ ਨਾਲ ਇੱਕ ਵਿਦੇਸ਼ ਤਾਂ ਅਤੇ 2 ਭਾਰਤ ਦੇ ਮੋਬਾਈਲ ਨੰਬਰ ਵੀ ਦਿੱਤੇ ਗਏ ਹਨ ।

ਪੋਸਟਰ ਨੂੰ ਲੈਕੇ ਇਤਰਾਜ਼
ਪੋਸਟਰ ਨੂੰ ਲੈਕੇ ਲੋਕਾਂ ਦਾ ਸਭ ਤੋਂ ਵੱਡਾ ਇਤਰਾਜ਼ ਜਨਰਲ ਕਾਸਟ ਸ਼ਬਦ ਨੂੰ ਲੈਕੇ ਹੈ, ਜਿਸ ਤਰ੍ਹਾਂ ਨਾਲ ਵਾਰ-ਵਾਰ ਇਸ ਨੂੰ ਹਾਈਲਾਈਟ ਕੀਤਾ ਗਿਆ ਹੈ । ਇਹ ਕਿਧਰੇ ਨਾ ਕਿਧਰੇ ਸਮਾਜ ਦੇ ਇੱਕ ਹਿੱਸੇ ‘ਤੇ ਤੰਜ ਕੱਸਣ ਵਾਲਾ ਹੈ । ਦੂਜਾ ਜਿਸ ਤਰ੍ਹਾਂ ਸੁੰਦਰ ਕੁੜੀਆਂ ਨੂੰ ਵੀ ਹਾਈਲਾਈਟ ਕੀਤਾ ਗਿਆ ਹੈ ਉਸ ਨੂੰ ਲੈਕੇ ਵੀ ਸੋਸ਼ਲ ਮੀਡੀਆ ‘ਤੇ ਲੋਕ ਇਤਰਾਜ਼ ਜਤਾ ਰਹੇ ਹਨ। ਸਭ ਤੋਂ ਵੱਧ ਪੋਸਟਰ ਧੋਖਾਧੜੀ ਵੱਲ ਵੀ ਇਸ਼ਾਰਾ ਕਰ ਰਿਹਾ ਹੈ । ਜਿਸ ਤਰ੍ਹਾਂ ਪੋਸਟਰ ਵਿੱਚ NRI ਲਾੜਿਆਂ ਦਾ ਲਾਲਚ ਦਿੱਤਾ ਗਿਆ ਹੈ ਉਹ ਗੁੰਮਰਾਹ ਕਰਨ ਵਾਲਾ ਹੈ। ਹਾਲਾਂਕਿ ਪੋਸਟਰ ਵਿੱਚ ਤਿੰਨ ਫੋਨ ਨੰਬਰ ਵੀ ਦਿੱਤੇ ਗਏ ਹਨ ਜਿੰਨਾਂ ਵਿੱਚੋਂ 2 ਪੰਜਾਬ ਅਤੇ 1 ਵਿਦੇਸ਼ ਦਾ ਦੱਸਿਆ ਜਾ ਰਿਹਾ। ਪਰ ਦੋਵੇ ਨੰਬਰਾਂ ‘ਤੇ ਜਦੋਂ ਫੋਨ ਕੀਤਾ ਗਿਆ ਤਾਂ ਉਹ ਬੰਦ ਸਨ। ਇਹ ਪੋਸਟਰ ਆਪਣੇ ਆਪ ਵੀ ਕਈ ਸਵਾਲ ਖੜੇ ਕਰ ਰਿਹਾ ਹੈ ਜਿਸ ਤੋਂ ਅਲਰਟ ਰਹਿਣ ਦੀ ਜ਼ਰੂਰਤ ਹੈ ਅਤੇ ਪੁਲਿਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ।
ਪੋਸਟਰ ਵਿਵਾਦ ‘ਤੇ ਹੋਟਲ ਮਾਲਕ ਤੇ ਪੁਲਿਸ ਦਾ ਬਿਆਨ
ਪੋਸਟਰ ‘ਚ ਜਿਹੜੇ ਹੋਟਲ ਵਿੱਚ ਸੁੰਦਰ ਕੁੜੀਆਂ ਦੇ ਮੁਕਾਬਲੇ ਦਾ ਜ਼ਿਕਰ ਕੀਤਾ ਗਿਆ ਹੈ ਉਸ ਦੇ ਮਾਲਿਕ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਸਾਡੇ ਹੋਟਲ ਦਾ ਨਾਂ ਵਰਤਿਆ ਗਿਆ ਹੈ ਇੱਥੇ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਹੈ। ਉਧਰ ਪੁਲਿਸ ਨੇ ਕਿਹਾ ਕਿ ਪੋਸਟਰ ਮਾਮਲੇ ਦੀ ਜਾਂਚ ਹੋਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ ।
ਪੋਸਟਰ ਦੀ ਜਾਂਚ ਜ਼ਰੂਰੀ
ਪੁਲਿਸ ਨੂੰ ਪੋਸਟਰ ਦੀ ਜਾਂਚ ਕਰਨੀ ਚਾਹੀਦੀ ਹੈ ਆਖ਼ਿਰ ਕਿਸ ਨੇ ਅਤੇ ਕਿਸ ਮਕਸਦ ਨਾਲ ਪੋਸਟਰ ਲਗਾਏ ਹਨ ? ਕੀ ਪੋਸਟਰ ਵਿੱਚ ਲਿੱਖੀ ਗਈ ਭਾਸ਼ਾ ਜਾਣ ਬੁੱਝ ਕੇ ਲਿੱਖੀ ਗਈ ਹੈ ? ਵਿਦੇਸ਼ ਭੇਜਣ ਦੇ ਨਾਂ ‘ਤੇ ਕੋਈ ਗੈਂਗ ਬਠਿੰਡਾ ਵਿੱਚ ਸਰਗਰਮ ਹੈ ਜੋ ਲੋਕਾਂ ਨੂੰ ਠੱਗਣ ਦਾ ਪਲਾਨ ਬਣਾ ਰਿਹਾ ਹੈ ? ਇਹ ਉਹ ਸਵਾਲ ਹਨ ਜੋ ਪੋਸਟਰ ਦੇ ਅਸਲੀ ਮਕਸਦ ਤੋਂ ਪਰਦਾ ਚੁੱਕਣਗੇ ।