ਬਿਊਰੋ ਰਿਪੋਰਟ : ਪੰਜਾਬ ਵਿੱਚ ਗੈਂਗਸਟਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ ਇਸ ਦਾ ਅੰਦਾਜ਼ਾ ਗੋਇੰਦਵਾਲ ਜੇਲ੍ਹ ਵਿੱਚ ਸਾਥੀ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਲੱਗਾ ਜਾ ਸਕਦਾ ਹੈ । ਹੁਣ ਇੱਕ ਹੋਰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਪੰਜਾਬ ਦੀ ਹਾਈ ਸਕਿਉਰਟੀ ਨਾਭਾ ਜੇਲ੍ਹ ਤੋਂ ਆਇਆ ਹੈ। ਜਿੱਥੋ ਗੈਂਗਸਟਰ ਵੱਲੋਂ ਬਠਿੰਡਾ ਦੇ ਕਿਸਾਨ ਨੂੰ ਉਸ ਦੇ ਘਰ ਦੀ ਵੀਡੀਓ ਵਿਖਾਕੇ ਬਲੈਕਮੇਲ ਕੀਤਾ ਗਿਆ ਹੈ ਅਤੇ ਕਿਸਾਨ ਤੋਂ ਲੱਖਾਂ ਰੁਪਏ ਦੀ ਰੰਗਦਾਰੀ ਮੰਗੀ ਗਈ । ਡੱਰੇ ਹੋਏ ਕਿਸਾਨ ਨੇ ਹਿੰਮਤ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਹੁਣ ਬਠਿੰਡਾ ਪੁਲਿਸ ਗੈਂਗਸਟਰ ਖਿਲਾਫ਼ ਐਕਸ਼ਨ ਦੀ ਤਿਆਰੀ ਕਰ ਰਹੀ ਹੈ ।
ਗੈਂਗਸਟਰ ਨੂੰ ਬਠਿੰਡਾ ਲਿਆਇਆ ਜਾਵੇਗਾ
ਜਾਣਕਾਰੀ ਦੇ ਮੁਤਾਬਿਕ ਗੈਂਗਸਟਰ ਅਮਨਾ ਪਿਛਲੇ ਕੁਝ ਸਮੇਂ ਤੋਂ ਅਪਰਾਧਿਕ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ । ਉਸ ਨੇ ਬਠਿੰਡਾ ਦੇ ਥਾਣਾ ਸਦਰ ਅਧੀਨ ਇੱਕ ਕਿਸਾਨ ਨੂੰ ਜੇਲ੍ਹ ਤੋਂ ਮੋਬਾਈਲ ਫੋਨ ‘ਤੇ ਕਾਲ ਕਰਕੇ ਲੱਖਾਂ ਰੁਪਏ ਦੀ ਰੰਗਦਾਰੀ ਮੰਗੀ । ਗੈਂਗਸਟਰ ਨੇ ਕਿਸਾਨ ਨੂੰ ਡਰਾਉਣ ਦੇ ਲਈ ਆਪਣੇ ਗੁਰਗੇ ਭੇਜ ਕੇ ਕਿਸਾਨ ਦੇ ਘਰ ਦੀ ਵੀਡੀਓ ਬਣਵਾਈ ਅਤੇ ਫਿਰ ਜੇਲ੍ਹ ਤੋਂ ਆਪਣੇ ਮੋਬਾਈਲ ਦੇ ਜ਼ਰੀਏ ਕਿਸਾਨ ਦੇ ਘਰ ਦਾ ਵੀਡੀਓ ਭੇਜਿਆ । ਗੈਂਗਸਟਰ ਵੱਲੋਂ ਜ਼ਿਆਦਾ ਧਮਕਾਉਣ ਤੋਂ ਬਾਅਦ ਪੀੜਤ ਕਿਸਾਨ ਬਠਿੰਡਾ ਦੇ ਐੱਸਐੱਸਪੀ ਗੁਲਨੀਤ ਖੁਰਾਨਾ ਕੋਲ ਸ਼ਿਕਾਇਤ ਲੈਕੇ ਪਹੁੰਚਿਆ । ਦੱਸਿਆ ਜਾ ਰਿਹਾ ਹੈ ਕਿ ਪੁਲਿਸ 2 ਦਿਨਾਂ ਦੇ ਅੰਦਰ ਗੈਂਗਸਟਰ ਅਮਨਾ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰ ਕਰ ਰਹੀ ਹੈ।
2 ਵਾਪਰੀਆਂ ਦਾ ਗੈਂਗਸਟਰਾਂ ਵੱਲੋਂ ਕਤਲ
ਇਸ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਪੈਸੇ ਦੇਣ ਦੇ ਲਈ ਧਮਕੀ ਦਿੱਤੀ ਗਈ ਸੀ । ਤਰਨਤਾਰਨ ਅਤੇ ਨਕੋਦਰ ਵਿੱਚ ਤਾਂ ਵਪਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਨਕੋਦਰ ਦੇ ਕੱਪੜਾ ਵਪਾਰੀ ਕੋਲੋ ਰੰਗਦਾਰੀ ਮੰਗੀ ਗਈ ਸੀ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੂੰ ਸੁਰੱਖਿਆ ਦਿੱਤੀ ਗਈ । ਪਰ ਇਸ ਦੇ ਬਾਵਜੂਦ ਗੈਂਗਸਟਰਾਂ ਨੇ ਕੱਪੜਾ ਵਪਾਰੀ ‘ਤੇ ਹਮਲਾ ਕੀਤਾ ਜਿਸ ਵਿੱਚ ਕੱਪੜਾ ਵਪਾਰੀ ਦੇ ਨਾਲ ਪੰਜਾਬ ਪੁਲਿਸ ਦੇ ਗੰਨਮੈਨ ਦੀ ਵੀ ਮੌਤ ਹੋ ਗਈ ਸੀ ।
ਨਾਭਾ ਜੇਲ੍ਹ ਪ੍ਰਸ਼ਾਸਨ ਨੇ ਸਰਚ ਕਰਕੇ ਮੋਬਾਈਲ ਬਰਾਮਦ ਕੀਤਾ
ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਤਿੰਨ ਦਿਨ ਪਹਿਲਾਂ ਜੇਲ੍ਹ ਦੀ ਚੈਕਿੰਗ ਦੌਰਾਨ ਇੱਕ ਮੋਬਾਈਲ ਬਰਾਮਦ ਕੀਤਾ ਹੈ । ਇਹ ਮੋਬਾਈਲ ਜੇਲ੍ਹ ਵਿੱਚ ਮਨਪ੍ਰੀਤ ਨਾਂ ਦੇ ਸ਼ਖ਼ਸ ਕੋਲੋ ਫੜਿਆ ਗਿਆ ਹੈ । ਹਾਲਾਕਿ ਨਾਭਾ ਜੇਲ੍ਹ ਪ੍ਰਸ਼ਾਸਨ ਇਸ ਬਾਰੇ ਕੁਝ ਵੀ ਨਹੀਂ ਬੋਲ ਰਿਹਾ ਹੈ ।