ਬਿਉਰੋ ਰਿਪੋਰਟ : 9 ਨਵੰਬਰ ਦੀ ਰਾਤ ਬਠਿੰਡਾ ਤੋਂ ਇੱਕ ਖ਼ਬਰ ਆਈ ਸੀ ਕਿ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਦਾ ਸਮੱਗਲਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ । ਪਰ ਹੁਣ ਇਸ ਵਿੱਚ ਨਵਾਂ ਮੋੜ ਆ ਗਿਆ ਹੈ । ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਜਿੰਨਾਂ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ । ਪੁਲਿਸ ਨੂੰ ਸ਼ੱਕ ਹੈ ਕਿ ਜਸਵੀਰ ਦੀ ਮੌਤ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ । ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਸਵੀਰ ਦੀ ਮੌਤ ਵਿੱਚ ਕਮੇਟੀ ਦੇ ਕੁਝ ਮੈਂਬਰਾਂ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਪੁਲਿਸ ਹੁਣ ਵੀ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਜਸਵੀਰ ਦੇ ਭਰਾ ਜਗਸੀਰ ਦਾ ਕਹਿਣਾ ਕਿ ਭਰਾ ਨੂੰ ਆਪਣੇ ਪੁੱਤਰ ਦੇ ਡਰੱਗ ਦੀ ਲੱਤ ਲੱਗਣ ਦਾ ਡਰ ਸੀ ਇਸੇ ਲਈ ਉਹ ਨਸ਼ਾ ਛਡਾਉ ਕਮੇਟੀ ਦਾ ਮੈਂਬਰ ਬਣਿਆ ਸੀ ।
42 ਸਾਲ ਦਾ ਜਸਵੀਰ ਬਠਿੰਡਾ ਦੇ ਪਿੰਡ ਸਿਧਾਣਾ ਦੀ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਸੀ ਇਸ ਵਿੱਚ ਤਕਰੀਬਨ 60 ਮੈਂਬਰ ਹਨ । ਪੁਲਿਸ ਨੇ ਦੱਸਿਆ ਹੈ ਕਿ ਜਸਵੀਰ ਦੀ ਮੌਤ ਸਿਰ ‘ਤੇ ਸੱਟ ਵੱਜਣ ਦੀ ਵਜ੍ਹਾ ਕਰਕੇ ਹੋਈ ਹੈ । ਕਮੇਟੀ ਮੈਂਬਰ ਇਸ ਦੇ ਪਿੱਛੇ ਨਸ਼ਾ ਤਸਕਰਾਂ ‘ਤੇ ਸ਼ੱਕ ਜਤਾਇਆ ਸੀ ਪਰ ਪੁਲਿਸ ਮੁਤਾਬਿਕ ਕਹਾਣੀ ਕੁਝ ਹੋਰ ਹੀ ਹੈ । ਜਸਵੀਰ ਦੇ ਭਰਾ ਜਗਸੀਰ ਨੇ ਦੱਸਿਆ ਕਿ ਉਸ ਦਾ ਭਰਾ ਤਲਾਕਸ਼ੁਦਾ ਹੈ ਆਪਣੇ ਨਾਬਾਲਗ ਪੁੱਤਰ ਤਾਜਵੀਰ ਦੇ ਨਾਲ ਪਿੰਡ ਵਿੱਚ ਰਹਿੰਦਾ ਹੈ। 9 ਸਤੰਬਰ ਦੀ ਰਾਤ ਨੂੰ ਆਪਣੇ ਪੁੱਤਰ ਨੂੰ ਮੇਰੇ ਕੋਲ ਛੱਡ ਗਿਆ । ਭਰਾ ਜਗਸੀਰ ਨੇ ਕਿਹਾ ਅਸੀਂ ਰਾਤ ਨੂੰ ਸੈਰ ਕਰ ਰਹੇ ਸੀ ਜਦੋਂ 8 ਵਜਕੇ 50 ਮਿੰਟ ‘ਤੇ ਇਹ ਘਟਨਾ ਵਾਪਰੀ ।
ਕਮੇਟੀ ਦੇ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜਸਵੀਰ ਨੂੰ ਮੋਟਰ ਸਾਈਕਲ ‘ਤੇ ਸਵਾਰ 2 ਵਿਅਕਤੀਆਂ ਨੇ ਮਾਰ ਦਿੱਤਾ ਹੈ । ਜਿਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਤੋਂ ਦੋ ਵਿਅਕਤੀਆਂ ਨਿਰਮਲ ਅਤੇ ਜਤਿੰਦਰ ਜੋ ਮਜ਼ਦੂਰ ਸਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ । ਸਿਧਾਣਾ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਨਿਰਮਲ ਅਤੇ ਜਤਿੰਦਰ ਸਿੰਘ ਨੂੰ ਨਸ਼ਾ ਵਿਰੋਧੀ ਕਮੇਟੀ ਨੇ ਪਿੰਡ ਦੇ ਪਹਿਲੇ ਨਾਕੇ ‘ਤੇ ਰੋਕਿਆ ਸੀ ਪਰ ਉਹ ਨਹੀਂ ਰੁਕੇ ਅਤੇ ਪਿੰਡ ਵਿੱਚ ਦਾਖਲ ਹੋ ਗਏ । ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਅਲਰਟ ਕੀਤਾ ਅਤੇ ਜਦੋਂ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਸਵੀਰ ਦੀ ਮੌਤ ਹੋ ਗਈ ।
ਸੀਸੀਟੀਵੀ ਨੇ ਸ਼ੱਕ ਜਤਾਇਆ
ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ CCTV ਫੁਟੇਜ ਮਿਲੀ ਹੈ ਜੋ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਾਈਕ ‘ਤੇ 2 ਵਿਅਕਤੀ ਕਮੇਟੀ ਦੇ ਮੈਬਰਾਂ ਕੋਲੋਂ ਤੇਜ਼ੀ ਨਾਲ ਲੰਘ ਦੇ ਹਨ । ਇਸ ਫੁਟੇਜ ਵਿੱਚ ਜਸਵੀਰ ਸਮੇਤ ਤਿੰਨ ਮੈਂਬਰ ਚੱਲਦੀ ਬਾਈਟ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸ ਦੇ ਤਹਿਤ ਹੁਣ ਪੁਲਿਸ ਇਸ ਕਤਲ ਕੇਸ ਵਿੱਚ ਕਮੇਟੀ ਦੇ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ । ਪੁਲਿਸ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਤਿੰਦਰ ਅਤੇ ਨਿਰਮਲ ਪਿੰਡ ਵਿੱਚ ਇੱਕ ਦੋਸਤ ਨੂੰ ਮਿਲਣ ਆਏ ਸਨ । ਪੁਲਿਸ ਕਪਤਾਨ ਮੋਹਿਤ ਅਗਰਵਾਲ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਜਤਿੰਦਰ ਅਤੇ ਨਿਰਮਲ ਨਸ਼ਾ ਸਮੱਗਲਰ ਨਹੀਂ ਸਨ ਅਤੇ ਇਸ ਘਟਨਾ ਦਾ ਨਸ਼ਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਮੋਹਿਤ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਮੌਜੂਦਾ ਕਮੇਟੀ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ । ਜਤਿੰਦਰ ਅਤੇ ਨਿਰਮਲ ਨੂੰ ਫਿਲਹਾਲ ਪੁਲਿਸ ਨੇ ਛੱਡਿਆ ਨਹੀਂ ਹੈ । ਉਧਰ ਬੀਬੀਸੀ ਦੀ ਖਬਰ ਦੇ ਮੁਤਾਬਿਕ ਇੱਕ ਪੁਲਿਸ ਅਧਿਕਾਰੀ ਨੇ ਨਾਂ ਦੱਸਣ ਦੀ ਸ਼ਰਤ ‘ਤੇ ਖੁਲਾਸਾ ਕੀਤਾ ਹੈ ਜਸਵੀਰ ਦਾ ਕਤਲ ਸਾਥੀ ਕਮੇਟੀ ਮੈਂਬਰ ਨੇ ਕੀਤਾ ਸੀ ਜਿਸ ਨੇ ਬਾਅਦ ਵਿੱਚ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਹੈ ।