Punjab

ਬਠਿੰਡਾ ਦੇ ਡਾਕਟਰ ਨੇ ਦਿਖਾਈ ਇਨਸਾਨੀਅਤ, ਕਰੋਨਾ ਮਰੀਜ਼ਾਂ ਲਈ ਵੱਡੀ ਪਹਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਲੋਕਾਂ ਵੱਲੋਂ, ਸੰਸਥਾਵਾਂ ਵੱਲੋਂ, ਹਸਪਤਾਲਾਂ ਵੱਲੋਂ, ਡਾਕਟਰਾਂ ਵੱਲੋਂ, ਭਾਰਤੀ ਫੌਜ ਵੱਲੋਂ ਲੋਕਾਂ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਵੱਡਾ ਉਪਰਾਲਾ ਬਠਿੰਡਾ ਜ਼ਿਲ੍ਹੇ ਦੇ ਇੱਕ ਡਾਕਟਰ ਵੱਲੋਂ ਕੀਤਾ ਗਿਆ ਹੈ। ਜਿੱਥੇ ਕਰੋਨਾ ਦੇ ਮੌਜੂਦਾ ਹਾਲਾਤਾਂ ਦਾ ਫਾਇਦਾ ਉਠਾਉਂਦਿਆਂ ਕੁੱਝ ਕੁ ਡਾਕਟਰਾਂ ਵੱਲੋਂ ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਹਾ ਲੈ ਕੇ ਆਪਣੀਆਂ ਤਿਜ਼ੋਰੀਆਂ ਭਰੀਆਂ ਜਾ ਰਹੀਆਂ ਹਨ, ਉੱਥੇ ਹੀ ਕੁੱਝ ਡਾਕਟਰ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਹਨ।

ਬਠਿੰਡਾ ਜ਼ਿਲ੍ਹੇ ਦੇ ਇੱਕ ਡਾ. ਵਿਤੁਲ ਗੁਪਤਾ ਨੇ ਆਪਣਾ ਪੂਰੇ ਦਾ ਪੂਰਾ ਹਸਪਤਾਲ ਕੋਵਿਡ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਹਵਾਲੇ ਕਰ ਦਿੱਤਾ ਹੈ। ਬਠਿੰਡਾ ਵਿੱਚ ਉਨ੍ਹਾਂ ਦਾ ਕਿਸ਼ੋਰੀ ਰਾਮ ਨਾਂ ਦਾ ਨਿੱਜੀ ਹਸਪਤਾਲ ਹੈ, ਜੋ ਉਨ੍ਹਾਂ ਨੇ ਹੁਣ ਕਰੋਨਾ ਮਰੀਜ਼ਾਂ ਲਈ ਮੁਫ਼ਤ ਕਰ ਦਿੱਤਾ ਹੈ।

ਹਸਪਤਾਲ ਵਿੱਚ ਕਿੰਨੇ ਬੈੱਡ ਹਨ

ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੁਖੀ ਸੋਨੂੰ ਮਹੇਸ਼ਵਰੀ ਨੇ ਡਾ. ਵਿਤੁਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਵਿਤੁਲ ਗੁਪਤਾ ਦੀ ਇਸ ਪਹਿਲਕਦਮੀ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਸੱਚ ਵਿੱਚ ਡਾਕਟਰ ਰੱਬ ਦਾ ਰੂਪ ਹੁੰਦਾ ਹੈ, ਜਿਸ ਨੇ ਹਰ ਗੱਲ ਨੂੰ ਪਿੱਛੇ ਰੱਖ ਕੇ ਇਨਸਾਨੀਅਤ ਨੂੰ ਹੀ ਆਪਣਾ ਪਹਿਲਾ ਫਰਜ਼ ਸਮਝਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ 10 ਬੈੱਡਾਂ ਦਾ ਹਸਪਤਾਲ ਹੋਵੇਗਾ, ਜਿਸ ਦੀ ਮਨਜ਼ੂਰੀ ਲਈ ਬਠਿੰਡਾ ਦੇ ਡੀ.ਸੀ. ਨੂੰ ਦਰਖਾਸਤ ਦੇ ਦਿੱਤੀ ਗਈ ਹੈ, ਜੋ ਛੇਤੀ ਹੀ ਮਿਲ ਜਾਵੇਗੀ। ਇਸ ਹਸਪਤਾਲ ਨੂੰ 10 ਬੈੱਡਾਂ ਤੋਂ ਸ਼ੁਰੂ ਕਰਕੇ ਕੁੱਝ ਹੀ ਦਿਨਾਂ ਅੰਦਰ 30 ਬੈੱਡਾਂ ਤੱਕ ਦਾ ਹਸਪਤਾਲ ਬਣਾਇਆ ਜਾਵੇਗਾ।

ਹਸਪਤਾਲ ਦੀ ਖਾਸੀਅਤ

ਇਸ ਹਸਪਤਾਲ ਵਿੱਚ ਲੋੜਵੰਦ ਕਰੋਨਾ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਹਸਪਤਾਲ ਵਿੱਚ ਡਾ. ਵਿਤੁਲ ਦੀ ਅਗਵਾਈ ਹੇਠ ਕਰੀਬ ਅੱਧੀ ਦਰਜਨ ਡਾਕਟਰ ਅਤੇ ਹੋਰ ਸਟਾਫ ਸੇਵਾਵਾਂ ਨਿਭਾਉਣਗੇ। ਮਹੇਸ਼ਵਰੀ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਲੋਕ ਸੰਸਥਾ ਦੀ ਆਰਥਿਕ ਮਦਦ ਕਰਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਰਕਰ ਵੀ ਦਿਨ-ਰਾਤ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ, ਜੋ ਸੰਸਥਾ ਦੀ ਜਿੰਦ ਜਾਨ ਹਨ।