‘ਦ ਖ਼ਾਲਸ ਬਿਊਰੋ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਨੇ 19 ਅਪ੍ਰੈਲ ਨੂੰ ਮਾਣਹਾਨੀ ਦੇ ਕੇਸ ਵਿੱਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਹਨ। ਕੰਗਣਾ ‘ਤੇ ਪੰਜਾਬ ਦੀ 73 ਸਾਲਾ ਵਸਨੀਕ ਬਜ਼ੁਰਗ ਔਰਤ ਮਹਿੰਦਰ ਕੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹਨ। ਕਿਸਾਨੀ ਅੰਦੋਲਨ ਦੌਰਾਨ ਕੰਗਣਾ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ਦੇ ਖਿਲਾਫ਼ ਰਹੀ ਹੈ ਅਤੇ ਕਿਸਾਨਾਂ ਬਾਰੇ ਲਗਾਤਾਰ ਇਤਰਾਜ਼ਯੋਗ ਟਿੱਪਣੀਆਂ ਕਰਦੀ ਰਹੀ ਹੈ। ਇਸੇ ਲੜੀ ਤਹਿਤ ਕੰਗਣਾ ਨੇ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਦੀ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ ਸੀ ਕਿ ਇਹ ਔਰਤਾਂ ਅੰਦੋਲਨ ਵਿੱਚ 100-100 ਰੁਪਏ ਦੀ ਦਿਹਾੜੀ ‘ਤੇ ਆਈਆਂ ਹਨ। ਇੰਨਾ ਹੀ ਨਹੀਂ, ਕੰਗਣਾ ਨੇ ਮਾਤਾ ਮਹਿੰਦਰ ਕੌਰ ਦੀ ਸ਼ਾਹੀਨ ਬਾਗ ਦੀ ਦਾਦੀ ਨਾਲ ਵੀ ਤੁਲਨਾ ਕੀਤੀ ਸੀ, ਜਿਸ ਤੋਂ ਬਾਅਦ ਕੰਗਣਾ ਰਣੌਤ ਖਿਲਾਫ਼ ਬਠਿੰਡਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਰਜ ਹੋ ਗਈ ਸੀ।
ਮਹਿੰਦਰ ਕੌਰ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਕੰਗਣਾ ਨੇ ਉਨ੍ਹਾਂ ਦੀ ਤੁਲਨਾ ਕਿਸੇ ਹੋਰ ਔਰਤ ਨਾਲ ਕਰਕੇ ਉਨ੍ਹਾਂ ‘ਤੇ ਝੂਠੇ ਦੋਸ਼ ਲਾਏ ਹਨ ਅਤੇ ਉਨ੍ਹਾਂ ਦੀ ਫੋਟੋ ਦਾ ਇਸਤੇਮਾਲ ਕਰਕੇ ਗਲਤ ਟਿੱਪਣੀਆਂ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ।
ਮਾਤਾ ਮਹਿੰਦਰ ਕੌਰ ਨਵੰਬਰ ਵਿੱਚ ਉਸ ਵੇਲੇ ਸੁਰਖੀਆਂ ਵਿੱਚ ਆਏ ਸਨ ਜਦੋਂ ਹੱਥ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਨਾਲ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ। ਕੰਗਨਾ ਨੇ ਉਨ੍ਹਾਂ ਦੀ ਫੋਟੋ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਉਹ ਉਹੀ ਪ੍ਰਦਰਸ਼ਨਕਾਰੀ ਸੀ ਅਤੇ 100 ਰੁਪਏ ਵਿੱਚ ਕਿਰਾਏ ‘ਤੇ ਆਉਂਦੇ ਹਨ। ਇਸ ਮਾਮਲੇ ਵਿੱਚ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਕੰਗਨਾ ਨਾਲ ਸੋਸ਼ਲ ਮੀਡੀਆ ਉੱਤੇ ਬੜੀ ਤਿੱਖੀ ਬਹਿਸ ਹੋਈ ਸੀ, ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਸੀ।