Punjab

ਗੁਰਦਾਸਪੁਰ ‘ਚ ਹਫਤੇ ਅੰਦਰ ਤੀਜੀ ਬੇਅਦਬੀ ਦੀ ਵਾਰਦਾਤ ! ਪੋਥੀਆਂ ਨਾਲ ਕੀਤੀ ਇਹ ਹਰਕਤ !

ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਾਰ ਮੁੜ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਬਟਾਲਾ ਅਧੀਨ ਪੈਂਦੇ ਪਿੰਡ ਵਡਾਲਾ ਗ੍ਰੰਥਿਆ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸੇ ਅਣਪਛਾਤੇ ਵਿਅਕਤੀ ਵੱਲੋਂ 3 ਪੋਥੀਆਂ ਅਤੇ ਗੁਰੂ ਸਾਹਿਬਾਨਾਂ ਦੀ ਫੋਟੋਆਂ ਨੂੰ ਅੱਗ ਲਗਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ । ਗਨੀਮਤ ਇਹ ਰਹੀ ਕੀ ਤੇਜ਼ ਹਵਾਵਾਂ ਦੀ ਵਜ੍ਹਾ ਕਰਕੇ ਅੱਗ ਬੁਝ ਗਈ ਬਚਾਅ ਹੋ ਗਿਆ । ਬੇਅਦਬੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਗੁੱਸਾ ਹੈ ।

ਪਿੰਡ ਦੇ ਵਸਨੀਕ ਕਰਨਬੀਰ ਸਿੰਘ ਅਤੇ ਇੰਦਪਾਲ ਸਿੰਘ ਬੈਂਸ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਵੇਰ ਵੇਲੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਇਹ ਕਿਸੇ ਦੀ ਸੋਚੀ ਸਮਝੀ ਸਾਜਿਸ਼ ਹੈ। ਜੋ ਲੋਕ ਧਰਮ ਪਰਿਵਰਤਨ ਕਰਵਾ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਵਿੱਚ ਹਫਤੇ ਅੰਦਰ ਤੀਜੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ।

ਪੁਲਿਸ ਨੇ ਕੇਸ ਦਰਜ ਕੀਤਾ

ਪਿੰਡ ਵਾਲਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਸਜ਼ਾ ਦਿੱਤੀ ਜਾਵੇਂ। ਗੁੱਸੇ ਵਿੱਚ ਲੋਕਾਂ ਨੇ ਸਰਕਾਰ ਨੂੰ ਸੁਖਤ ਕਾਨੂੰਨ ਬਣਾਉਣ ਦੀ ਮੰਗ ਕਰਦੇ ਹੋਏ ਬੇਅਦਬੀ ਕਰਨ ਵਾਲੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ । ਹਾਲਾਂਕਿ ਪੰਜਾਬ ਸਰਕਾਰ ਵੱਲੋਂ 2018 ਤੋਂ ਬੇਅਦਬੀ ਦੇ ਖਿਲਾਫ਼ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਕੇਂਦਰ ਸਰਕਾਰ ਨੂੰ ਭੇਜਿਆ ਹੈ ਪਰ ਹੁਣ ਤੱਕ ਇਸ ‘ਤੇ ਕੋਈ ਫੈਸਲਾ ਨਹੀਂ ਹੋਇਆ ਹੈ । ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਮੋਰਿੰਡਾ ਅਤੇ 24 ਅਪ੍ਰੈਲ ਨੂੰ ਫਰੀਦਕੋਟ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ । ਮੋਰਿੰਡਾ ਦੇ ਗੁਰਦੁਆਰੇ ਵਿੱਚ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਦੀ ਮੌਤ ਹੋ ਗਈ ਹੈ । ਜੇਲ੍ਹ ਵਿੱਚ ਤਬੀਅਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਮਾਨਸਾ ਦੇ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ । ਜਦਕਿ ਫਰੀਦਕੋਟ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਇਸਾਈ ਭਾਈਚਾਰੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਵਿੱਚ ਇੱਕ ਸ਼ਖਸ ਨੇ ਹਵਾਲਾਤ ਵਿੱਚ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ।