Punjab

ਗੈਰ ਕਾਨੂੰਨ ਮਾਇਨਿੰਗ ਰੋਕਣ ਗਏ ਸਰਕਾਰੀ ਮੁਲਾਜ਼ਮ ਦਾ ਕਤਲ !

ਬਿਉਰੋ ਰਿਪੋਰਟ : ਪੰਜਾਬ ਵਿੱਚ ਬੇਕਾਬੂ ਹੋ ਚੁੱਕੀ ਗੈਰ ਕਾਨੂੰਨੀ ਮਾਇਨਿੰਗ ਦਾ ਕਾਤਲਾਨਾ ਰੂਪ ਨਜ਼ਰ ਆਇਆ ਹੈ । ਬਟਾਲਾ ਵਿੱਚ ਗੈਰ ਕਾਨੂੰਨੀ ਮਾਇਨਿੰਗ ਰੋਕਣ ਗਏ ਨਹਿਰੀ ਵਿਭਾਗ ਦੇ ਬੇਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ । ਕੋਟਲਾ ਬੱਜਾ ਸਿੰਘ ਪਿੰਡ ਨੇੜੇ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਸੀ । ਦੱਸਿਆ ਜਾ ਰਿਹਾ ਹੈ ਬੇਲਦਾਰ ਦਰਸ਼ਨ ਸਿੰਘ ਨੇ ਟਰੈਕਟ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਹਮਲਾ ਕਰ ਦਿੱਤਾ ਗਿਆ । ਬੁਰੀ ਤਰ੍ਹਾਂ ਜਖਮੀ ਹਾਲਤ ਵਿੱਚ ਹੇਠਾਂ ਡਿੱਗੇ ਬੇਲਦਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਉਸ ਦੀ ਮੌਤ ਹੋ ਗਈ । ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਹੋ ਗਈ ਹੈ । ਪਰ ਇਸ ਪੂਰੇ ਘਟਨਾ ਨੇ ਇੱਕ ਵਾਰ ਮੁੜ ਤੋਂ ਵਿਰੋਧੀਆਂ ਨੂੰ ਸਰਕਾਰ ਘੇਰਨ ਦਾ ਮੌਕਾ ਮਿਲ ਗਿਆ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰੋਪੜ,ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਗੈਰ ਕਾਨੂੰਨ ਮਾਇਨਿੰਗ ਦੇ ਮਾਮਲਿਆਂ ਵਿੱਚ ਸਾਬਕਾ ਰੋਪੜ ਦੇ ਐੱਸਐੱਸਪੀ ਰੋਪੜ ਸੋਨੀ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਵੀਰਵਾਰ ਨੂੰ ਮਜੀਠੀਆ ਆਪ ਪੱਤਰਕਾਰਾਂ ਨੂੰ ਲੈਕੇ ਰੋਪੜ,ਨੰਗਲ ਦੇ ਇਲਾਕੇ ਵਿੱਚ ਮਾਇਨਿੰਗ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਗੈਰ ਕਾਨੂੰਨ ਮਾਇਨਿੰਗ ਵਾਲੀਆਂ ਥਾਵਾਂ ਵਿਖਾਇਆ । ਮਜੀਠੀਆ ਨੇ ਇਲਜਾਮ ਲਗਾਇਆ ਸਰੇਆਮ ਮਸ਼ੀਨਾਂ ਦੇ ਜਰੀਏ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਇਸ ‘ਤੇ ਕੋਈ ਸਖਤੀ ਨਹੀਂ ਕਰ ਰਿਹਾ ਹੈ । ਉਨ੍ਹਾਂ ਨੇ ਮੰਗ ਕੀਤੀ ਕਿ ED ਅਤੇ CBI ਇਸ ਦਾ ਆਪ ਨੋਟਿਸ ਲਏ ਅਤੇ ਜਾਂਚ ਸ਼ੁਰੂ ਕਰੇ । ਮਜੀਠੀਆ ਨੇ ਦਾਅਵਾ ਕੀਤਾ ਰੋਪੜ ਦੇ SSP ਰਹੇ ਸੋਨੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਕਰੋੜਾ ਦਾ ਘੁਟਾਲਾ ਹੋਇਆ ਹੈ । ਇਸ ਤੋਂ ਪਹਿਲਾਂ ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਹਰਜੋਤ ਬੈਂਸ ਦੇ ਪਿਤਾ ਅਤੇ ਉਨ੍ਹਾਂ ਦੇ ਭਰਾ ਅਤੇ ਇੱਕ ਹੋਰ ਰਿਸ਼ਤੇਦਾਰ ਦੀ ਫੋਟੋਆਂ ਨਸ਼ਰ ਕਰਕੇ ਗੈਰ ਕਾਨੂੰਨੀ ਮਾਇਨਿੰਗ ਦਾ ਇਲਜ਼ਾਮ ਲਗਾਇਆ ਸੀ ।

ਇਸੇ ਹਫ਼ਤੇ ਲਗਾਤਾਰ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਅਰ ਤੋਂ ਮਾਇਨਿੰਗ ਵਿਭਾਗ ਵਾਪਸ ਲੈ ਲਿਆ ਸੀ। ਆਪ ਸੁਪਰੀਮੋ ਨੇ ਗੈਰ ਕਾਨੂੰਨੀ ਮਾਇਨਿੰਗ ਰੋਕ ਕੇ 20 ਹਜ਼ਾਰ ਕਰੋੜ ਦੀ ਕਮਾਈ ਦਾ ਦਾਅਵਾ ਕੀਤਾ ਸੀ । ਪਰ ਵਿਰੋਧੀ ਧਿਰ ਸਿਰਫ਼ ਸਾਢੇ 400 ਕਰੋੜ ਪੌਨੇ 2 ਸਾਲਾਂ ਵਿੱਚ ਕਮਾਈ ਦਾ ਦਾਅਵਾ ਕਰ ਰਿਹਾ ਹੈ। ਮਾਨ ਸਰਕਾਰ ਨੇ ਸਰਕਾਰ ਬਣਨ ਤੋਂ ਬਾਅਦ ਤਿੰਨ ਵਾਰ ਮਾਇਨਿੰਗ ਮੰਤਰੀ ਬਦਲੇ ਹਨ। ਪਹਿਲਾਂ ਹਰਜੋਤ ਸਿੰਘ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ । ਫਿਰ ਮੀਤ ਹੇਅਰ ਕੋਲ ਮਾਇਨਿੰਗ ਵਿਭਾਗ ਆਇਆ ਅਤੇ ਹੁਣ ਚੇਤਨ ਸਿੰਘ ਜੌੜਾਮਾਜਰਾ ਕੋਲ ਵਿਭਾਗ ਗਿਆ ਹੈ ।