ਬਿਊਰੋ ਰਿਪੋਰਟ (13 ਨਵੰਬਰ 2025): ਗੁਰਦਾਸਪੁਰ ਵਿੱਚ ਬਟਾਲਾ ਪੁਲਿਸ ਨੇ ਥਾਣਿਆਂ ਅਤੇ ਪੁਲਿਸ ਚੌਕੀਆਂ ’ਤੇ ਗ੍ਰੇਨੇਡ ਹਮਲਾ ਕਰਕੇ ਦਹਿਸ਼ਤ ਫੈਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਸਮਾਜ ਵਿਰੋਧੀ ਅਨਸਰਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਅਤੇ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ ਦੇ ਨਿਰਦੇਸ਼ਾਂ ’ਤੇ ਪੁਲਿਸ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ, ਜਿਸ ਤਹਿਤ ਇਹ ਗ੍ਰਿਫ਼ਤਾਰੀ ਹੋਈ।
ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਸੀ ਸੰਪਰਕ
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਰੀਆਂ ਕਲਾਂ ਦੇ ਰਹਿਣ ਵਾਲੇ ਪੰਥਬੀਰ ਸਿੰਘ ਉਰਫ਼ ਪੰਥ ਅਤੇ ਜਸਕੀਰਤ ਸਿੰਘ ਦੇ ਸਬੰਧ ਗੈਂਗਸਟਰਾਂ ਨਾਲ ਹਨ। ਇਹ ਦੋਵੇਂ ਵਿਦੇਸ਼ ਬੈਠੇ ਗੈਂਗਸਟਰਾਂ ਮਨੂ ਅਗਵਾਨ ਅਤੇ ਮਨਿੰਦਰ ਉਰਫ਼ ਬਿੱਲਾ ਨਾਲ ਸੰਪਰਕ ਕਰਕੇ ਗ੍ਰੇਨੇਡ ਮੰਗਵਾ ਰਹੇ ਸਨ।
ਚੋਰੀ ਦੇ ਮੋਟਰਸਾਈਕਲ ’ਤੇ ਕਰ ਰਹੇ ਸਨ ਰੇਕੀ
ਮੁਲਜ਼ਮਾਂ ਦੀ ਯੋਜਨਾ ਥਾਣਿਆਂ, ਚੌਕੀਆਂ ਅਤੇ ਹੋਰ ਸਰਕਾਰੀ ਇਮਾਰਤਾਂ ’ਤੇ ਗ੍ਰੇਨੇਡ ਸੁੱਟ ਕੇ ਹਮਲਾ ਕਰਨ ਦੀ ਸੀ। ਪੁਲਿਸ ਅਨੁਸਾਰ, ਇਹ ਦੋਵੇਂ ਇੱਕ ਚੋਰੀ ਦੇ ਮੋਟਰਸਾਈਕਲ ’ਤੇ ਬਟਾਲਾ ਵਿੱਚ ਇਨ੍ਹਾਂ ਟਿਕਾਣਿਆਂ ਦੀ ਰੇਕੀ ਕਰ ਰਹੇ ਸਨ।
ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਨਾਕਾਬੰਦੀ ਦੌਰਾਨ ਇਨ੍ਹਾਂ ਦੋਵਾਂ ਨੂੰ ਬਟਾਲਾ ਦੇ ਹਥਨੀ ਪੁਲ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣਗੇ।

