ਬਿਊਰੋ ਰਿਪੋਰਟ : ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਅਤੇ ਜਨੂੰਨ ਦੀ ਕੋਈ ਹੱਦ ਨਹੀਂ ਹੁੰਦੀ ਹੈ। ਜੇਕਰ ਇਹ ਦੋਵੇ ਮਿਲ ਜਾਣ ਦਾ ਰਿਕਾਰਡ ਟੁੱਟਣ ਅਤੇ ਬਣਨ ਵਿੱਚ ਦੇਰ ਨਹੀਂ ਲੱਗ ਦੀ ਹੈ । ਬਟਾਲਾ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਕੁਝ ਅਜਿਹਾ ਹੀ ਕਰ ਵਿਖਾਇਆ ਹੈ । ਉਸ ਨੇ ਆਪਣੇ ਸ਼ੌਕ ਨੂੰ ਜਨੂੰਨ ਵਿੱਚ ਬਦਲ ਦਿੱਤਾ ਅਤੇ ਉਹ ਅੱਜ ਦੁਨੀਆ ਦਾ ਸਭ ਤੋਂ ਦੇਰ ਤੱਕ ਤਬਲਾ ਵਜਾਉਣ ਵਾਲਾ ਵਾਦਕ ਬਣ ਗਿਆ ਹੈ । ਅੰਮ੍ਰਿਤਪ੍ਰੀਤ ਸਿੰਘ ਦਾ ਨਾਂ ਇੰਡੀਆਜ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ । ਉਸ ਨੇ ਦੱਸਿਆ ਕਿ ਇਹ ਪ੍ਰੇਰਣਾ ਉਸ ਨੂੰ ਕਿਸ ਤੋਂ ਮਿਲੀ ।
ਅੰਮ੍ਰਿਤਪ੍ਰੀਤ ਸਿੰਘ ਫਾਰਮੈਸੀ ਦਾ ਕੰਮ ਕਰਦਾ ਹੈ ਪਰ ਉਸ ਨੇ ਦੱਸਿਆ ਕਿ ਤਬਲਾ ਵਜਾਉਣਾ ਉਸ ਦਾ ਸ਼ੁਰੂ ਤੋਂ ਸ਼ੌਕ ਰਿਹਾ ਹੈ । ਉਸ ਨੇ 31 ਦਸੰਬਰ ਦੀ ਸਵੇਰ 11 ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ । 5 ਜਨਵਰੀ 2023 ਸਵੇਰ 11 ਵਜੇ ਤੱਕ ਉਹ ਲਗਾਤਾਰ 5 ਦਿਨ ਅਤੇ 5 ਰਾਤਾਂ ਵਾਦਨ ਕਰਕੇ ਰਿਕਾਰਡ ਕਾਇਮ ਕੀਤਾ । ਯਾਨੀ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤੱਕ ਲਗਾਤਾਰ ਤਬਲਾ ਵਜਾਇਆ । ਜਿਸ ਤੋਂ ਬਾਅਦ ਅੰਮ੍ਰਿਤਪ੍ਰੀਤ ਸਿੰਘ ਦਾ ਨਾਂ ਇੰਡੀਆਜ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ । ਇਸ ਤੋਂ ਪਹਿਲਾਂ ਤਬਲਾ ਵਜਾਉਣ ਦਾ ਇੱਕ ਹੋਰ ਸ਼ਖਸ ਨੇ ਰਿਕਾਰਡ ਬਣਾਇਆ ਸੀ ।
ਅੰਮ੍ਰਿਤਪ੍ਰੀਤ ਸਿਘ ਨੇ ਦੱਸਿਆ ਕਿ ਉਸ ਨੇ ਜਗਜੀਤ ਸਿੰਘ ਦਾ 110 ਘੰਟੇ ਤਬਲਾ ਵਜਾਉਣ ਦਾ ਰਿਕਾਰਡ ਤੋੜਿਆ ਹੈ । ਅੰਮ੍ਰਿਤਪ੍ਰੀਤ ਸਿੰਘ ਨੇ ਵਾਹਿਗੁਰੂ ਦਾ ਸ਼ੁੱਕਰਾਨਾ ਕਰਦੇ ਹੋਏ ਕਿਹਾ ਕਿ ਇਹ ਅਸਾਨ ਨਹੀਂ ਸੀ ਪਰ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਹ ਰਿਕਾਰਡ ਬਣ ਗਿਆ ਹੈ। ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਫਾਰਮੈਸੀ ਦਾ ਕੰਮ ਕਰਦਾ ਸੀ ਪਰ ਸ਼ੁਰੂ ਤੋਂ ਹੀ ਉਸ ਦੀ ਖਿੱਚ ਸੰਗੀਤ ਗੁਰਬਾਣੀ ਨਾਲ ਜੁੜੀ ਹੋਈ ਸੀ । ਉਹ ਬਟਾਲਾ ਦੇ ਸ੍ਰੀ ਗੁਰੂ ਨਾਨਕ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਹੈ ।
ਕੈਨੇਡਾ ਦੇ ਜਗਜੀਤ ਸਿੰਘ ਦਾ ਰਿਕਾਰਡ ਤੋੜਿਆ
2008 ਵਿੱਚ ਕੈਨੇਡਾ ਦੇ ਜਗਜੀਤ ਸਿੰਘ ਨੇ ਸਭ ਤੋਂ ਜਿਆਦਾ ਦੇਰ ਤਬਲਾ ਵਜਾਉਣ ਦਾ ਰਿਕਾਰਡ ਕਾਇਮ ਕੀਤਾ ਸੀ । ਉਨ੍ਹਾਂ ਨੇ 110 ਘੰਟੇ ਤੱਕ ਲੱਗਾਤਾਰ ਤਬਲਾ ਵਜਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗ੍ਰਿਨੀਜ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਸੀ । ਜਗਜੀਤ ਸਿੰਘ ਨੇ 5 ਦਿਨ ਅਤੇ 4 ਰਾਤਾਂ ਲਗਾਤਾਰ ਤਬਲਾ ਵਜਾਇਆ ਸੀ । ਜਦਕਿ ਇਸ ਤੋਂ ਪਹਿਲਾਂ 2007 ਵਿੱਚ ਜਗਜੀਤ ਸਿੰਘ ਨੇ 101 ਘੰਟੇ ਤੱਕ ਤਬਲਾ ਵਜਾਇਆ ਸੀ । ਇਸ ਤੋਂ ਇਲਾਵਾ 2013 ਵਿੱਚ ਨਾਗਪੁਰ ਦੇ ਸ਼ਸ਼ਾਂਕ ਧੰਨਰਾਜ 100 ਘੰਟੇ 15 ਮਿੰਟ ਤਬਲਾ ਵਜਾ ਕੇ ਆਪਣਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ । ਸ਼ਸਾਂਕ ਨੇ 5 ਦਿਨ 16 ਫਰਵਰੀ ਤੋਂ 20 ਫਰਵਰੀ 2013 ਤੱਕ ਤਬਲਾ ਵਜਾਇਆ ਸੀ ।