ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ । ਬੱਸੀ ਪਠਾਨਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਕੈਬਨਿਟ ਮੰਤਰੀ ਮੀਤ ਹੇਅਰ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੋਲ ਲੈਕੇ ਆਏ ਜਿੱਥੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ । ਚਰਚਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕਸਭਾ ਦਾ ਉਮੀਦਵਾਰ ਬਣਾ ਸਕਦੀ ਹੈ । ਦਰਅਸਲ ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਤੋਂ ਜ਼ਿਆਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨਰਾਜ਼ ਸਨ,ਉਹ ਨਵਜੋਤ ਸਿੰਘ ਸਿੱਧੂ ਦੇ ਧੜੇ ਤੋਂ ਮੰਨੇ ਜਾਂਦੇ ਸਨ। ਸਿੱਧੂ ਦੀ ਪਾਰਟੀ ਵਿੱਚ ਜ਼ਿਆਦਾ ਨਹੀਂ ਚੱਲ ਰਹੀ ਹੈ ਅਤੇ ਪਾਰਟੀ ਨੇ ਉਨ੍ਹਾਂ ਨੂੰ ਲੋਕਸਭਾ ਦੇ ਲਈ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ।
2017 ਵਿੱਚ ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਦੀ ਟਿਕਟ ‘ਤੇ ਪਹਿਲੀ ਵਾਰ ਵਿਧਾਇਕ ਬਣੇ ਸਨ । ਪਰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ.ਮਨੋਹਰ ਸਿੰਘ ਨੇ ਬੱਸੀ ਪਠਾਨਾ ਸੀਟ ਲਈ ਦਾਅਵੇਦਾਰੀ ਪੇਸ਼ ਕੀਤੀ । ਹਾਲਾਂਕਿ ਉਨ੍ਹਾਂ ਨੂੰ ਕਾਂਗਰਸ ਵੱਲੋਂ ਟਿਕਟ ਨਹੀਂ ਮਿਲੀ,ਪਾਰਟੀ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਹੀ ਉਮੀਦਵਾਰ ਬਣਾਇਆ ਸੀ । ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਮੈਦਾਨ ਵਿੱਚ ਉਤਰੇ ਸਨ। ਜਿਸ ਦੀ ਵਜ੍ਹਾ ਕਰਕੇ ਗੁਰਪ੍ਰੀਤ ਸਿੰਘ ਜੀਪੀ ਹਾਰ ਗਏ । ਹੁਣ ਜਦੋਂ ਗੁਰਪ੍ਰੀਤ ਸਿੰਘ ਜੀਪੀ ਨੇ ਪਾਰਟੀ ਛੱਡੀ ਹੈ ਤਾਂ ਉਨ੍ਹਾਂ ਨੇ ਕਿਹਾ ਜਿੰਨਾਂ ਲੋਕਾਂ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਸਾਹਮਣੇ ਭਰਾ ਨੂੰ ਖੜਾ ਕੀਤਾ ਹੈ ਉਨ੍ਹਾਂ ਨੂੰ CWC ਦਾ ਮੈਂਬਰ ਬਣਾਇਆ ਜਾ ਰਿਹਾ ਹੈ ।
ਸੂਤਰਾਂ ਦੇ ਮੁਤਾਬਿਕ ਕਾਂਗਰਸ ਨੇ ਆਪ ਵਿੱਚ ਜਾਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾਂ ਪ੍ਰਧਾਨ ਵੀ ਬਣਾਇਆ ਪਰ ਜੀਪੀ ਫਤਿਹਗੜ੍ਹ ਸਾਹਿਬ ਤੋਂ ਲੋਕਸਭਾ ਦਾ ਟਿਕਟ ਮੰਗ ਰਹੇ ਸੀ ਪਾਰਟੀ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ।