Punjab

ਹਰ ਪੰਜਾਬੀ ਇੱਕ ਦੂਜੇ ਦੀ ਬਾਂਹ ਫੜ ਰਿਹਾ ਹੈ ! ਪਰ ਬਰਨਾਲਾ ‘ਚ ਪਾਣੀ ਲਈ ਕੁੱਝ ਹੋਰ ਖੇਡ ਸ਼ੁਰੂ ਹੋ ਗਿਆ ਹੈ !

ਬਿਊਰੋ ਰਿਪੋਰਟ : ਪੂਰਾ ਪੰਜਾਬ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਬਰਨਾਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਕਸਬਾ ਧਨੌਲਾ ਵਿੱਚ ਨਹਿਰੀ ਪਾਣੀ ਵਿਵਾਦ ਨੂੰ ਲੈਕੇ ਪਿਉ-ਪੁੱਤਰ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਮਿਲੀ ਜਾਣਕਾਰੀ ਦੇ ਮੁਤਾਬਿਕ ਅਕਾਲਗੜ੍ਹ ਦਾ ਰਹਿਣ ਵਾਲਾ 35 ਸਾਲਾ ਬਿੱਟੂ ਸਿੰਘ ਪੁਰਾਣੇ ਹਨੂੰਮਾਨ ਮੰਦਰ ਦੇ ਪਿੱਛੇ ਜ਼ਮੀਨ ‘ਤੇ ਖੇਤੀ ਕਰ ਰਿਹਾ ਸੀ ।

ਪਹਿਲਾਂ ਝਗੜਾ ਕੀਤਾ ਫਿਰ ਚਾਕੂ ਮਾਰੇ

ਸਵੇਰੇ 11 ਵਜੇ ਜਦੋਂ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਅਤੇ ਉਸ ਦਾ ਪਿਤਾ ਮੁਖਤਿਆਰ ਸਿੰਘ ਨੇ ਬਿੱਟੂ ਸਿੰਘ ਦੇ ਨਾਲ ਨਹਿਰ ਦੇ ਪਾਣੀ ਨੂੰ ਲੈਕੇ ਝਗੜਾ ਕਰਨਾ ਸ਼ੁਰੂ ਕਰ ਦਿੱਤੀ । ਇਸ ਦੌਰਾਨ ਦੋਵੇ ਪਿਉ-ਪੁੱਤਰ ਨੇ ਬਿੱਟੂ ਸਿੰਘ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ ਜਿਸ ਨਾਲ ਬਿੱਟੂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਆਲੇ -ਦੁਆਲ਼ੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਚ ਸਕਿਆ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇ ਪਿਉ ਪੁੱਤਰ ਫਰਾਰ ਦੱਸੇ ਜਾ ਰਹੇ ਹਨ । ਪੂਰੇ ਇਲਾਕੇ ਵਿੱਚ ਇਸ ਕਤਲ ਕਾਂਡ ਦੀ ਚਰਚਾ ਹੋ ਰਹੀ ਹੈ । ਹਰ ਕੋਈ ਹੈਰਾਨ ਹੈ ਕਿ ਜਿੱਥੇ ਇੱਕ ਪਾਸੇ ਔਖੇ ਸਮੇਂ ਸਾਰੇ ਇੱਕ ਦੂਜੇ ਦਾ ਸਾਥ ਦੇ ਰਹੇ ਹਨ ਪਾਣੀ ਦੇ ਲਈ ਕੁੱਝ ਲੋਕ ਕਤਲ ਕਰ ਰਹੇ ਹਨ ।

ਥਾਣੇ ਦੇ SHO ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਧਨੌਲਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਪਹੁੰਚਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ । SHO ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਪਿਤਾ-ਪੁੱਤਰ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।