Punjab

ਸੜਕ ਹਾਦਸੇ ‘ਚ ਜ਼ਖ਼ਮੀ ਹੋਇਆ ਪੁਲਿਸ ਕਾਂਸਟੇਬਲ ਹਾਰਿਆ ਜ਼ਿੰਦਗੀ ਦੀ ਜੰਗ

ਬਰਨਾਲਾ : ਬਰਨਾਲਾ (Barnala) ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਪੁਲਿਸ ਦਾ ਇੱਕ ਕਾਂਸਟੇਬਲ (Police Constable) ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਬਰਨਾਲਾ ਪੁਲਿਸ ਦੇ ਕਾਂਸਟੇਬਲ ਸਤਨਾਮ ਸ਼ਰਮਾ (Satnam Sharma) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਤਨਾਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਤਨਾਮ ਬਰਨਾਲਾ ਦੇ ਥਾਣਾ ਸਿਟੀ ਵਿੱਚ ਪੀ.ਸੀ.ਆਰ. ਵਿੱਚ ਸੇਵਾ ਨਿਭਾ ਰਿਹਾ ਸੀ।

20 ਸਤੰਬਰ ਨੂੰ ਸਤਨਾਮ ਮੁਹਾਲੀ ਕ੍ਰਿਕਟ ਸਟੇਡੀਅਮ ਤੋਂ ਡਿਊਟੀ ਦੇ ਕੇ ਵਾਪਸ ਬਰਨਾਲਾ ਆ ਰਿਹਾ ਸੀ ਕਿ ਪਟਿਆਲਾ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ।

ਸਤਨਾਮ ਦੇ ਇਲਾਜ ਲਈ ਸੋਸ਼ਲ ਮੀਡੀਆ ‘ਤੇ ਵੀ ਮਦਦ ਦੀ ਅਪੀਲ ਕੀਤੀ ਗਈ ਸੀ। ਜਿੱਥੇ ਲੋਕਾਂ ਨੇ ਸਤਨਾਮ ਦੇ ਇਲਾਜ ਲਈ ਵੱਡੀ ਪੱਧਰ ‘ਤੇ ਮਦਦ ਕੀਤੀ, ਉਥੇ ਹੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਵੀ ਟਵੀਟ ਕਰਕੇ ਸਤਨਾਮ ਦੇ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਪਰ ਅੱਜ ਇਲਾਜ ਦੌਰਾਨ ਸਤਨਾਮ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਜ਼ਿਲ੍ਹਾ ਬਰਨਾਲਾ ਵਿੱਚ ਸੋਗ ਦੀ ਲਹਿਰ ਹੈ।