Punjab

ਮਾਂ-ਧੀ ਦੇ ਸਾਹਾਂ ਦੀ ਡੋਰ ਖਿੱਚਣ ਵਾਲੇ ਬਾਰੇ ਨਵਾਂ ਖੁਲਾਸਾ ! ਪੁਲਿਸ ਦੇ ਵੀ ਹੋਸ਼ ਉੱਡੇ !

ਬਿਊਰੋ ਰਿਪੋਰਟ : ਬਰਨਾਲਾ ਵਿੱਚ 15 ਅਗਸਤ ਦੀ ਰਾਤ ਮਾਂ ਅਤੇ ਧੀ ਦੇ ਕਤਲ ਅਤੇ ਜਵਾਈ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ । ਜਿਹੜਾ ਜਵਾਈ ਪਤਨੀ ਅਤੇ ਸੱਸ ਦੇ ਕਤਲ ਦੇ ਪਿੱਛੇ ਲੁੱਟ ਦੀ ਕਹਾਣੀ ਸੁਣਾ ਰਿਹਾ ਸੀ ਉਹ ਹੀ ਅਸਲੀ ਕਾਤਲ ਨਿਕਲਿਆ ਹੈ । ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਹਾਲਾਂਕਿ ਜ਼ਖ਼ਮੀ ਹਾਲਤ ਹੋਣ ਦੀ ਵਜ੍ਹਾ ਕਰਕੇ ਫ਼ਿਲਹਾਲ ਉਹ ਹਸਪਤਾਲ ਵਿੱਚ ਦਾਖਲ ਹੈ । ਦੱਸਿਆ ਜਾ ਰਿਹਾ ਹੈ ਕਿ ਜਵਾਈ ਨੇ ਲਾਲਚ ਵਿੱਚ ਸੱਸ ਅਤੇ ਪਤਨੀ ਦਾ ਕਤਲ ਕੀਤਾ ਹੈ ਅਤੇ ਫਿਰ ਪੁਲਿਸ ਨੂੰ ਲੁੱਟ ਦੀ ਝੂਠੀ ਕਹਾਣੀ ਸੁਣਾ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ । ਪਰ ਮੁਲਜ਼ਮ ਕੋਈ ਨਾ ਕੋਈ ਅਜਿਹੇ ਸਬੂਤ ਛੱਡ ਦਿੱਤਾ ਹੈ ਜੋ ਉਸ ਦੇ ਗੁਨਾਹ ਨੂੰ ਬੇਪਰਦਾ ਕਰ ਦਿੰਦਾ ਹੈ । ਜਵਾਈ ਵੱਲੋਂ ਰਚੀ ਗਈ ਕਤਲ ਦੀ ਸਾਜ਼ਸ਼ ਵਿੱਚ ਵੀ ਅਜਿਹਾ ਹੀ ਹੋਇਆ ।

ਇਸ ਤਰ੍ਹਾਂ ਖੁੱਲ੍ਹਿਆ ਰਾਜ਼

ਮ੍ਰਿਤਕ ਹਰਬੰਸ ਕੌਰ ਦੇ ਭਤੀਜੇ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਵਾਈ ਰਾਜਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ ਦੀ 5 ਏਕੜ ਜ਼ਮੀਨ ਨੂੰ ਲੈ ਕੇ ਨਜ਼ਰ ਸੀ । ਉਹ ਪਤਨੀ ਦੀ ਜ਼ਮੀਨ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ । ਰਾਜਦੀਪ ਦਾ ਪਰਮਜੀਤ ਕੌਰ ਨਾਲ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਘਰ ਜਵਾਈ ਸੀ । ਭਤੀਜੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਸ਼ੇ ਵਿੱਚ ਅਕਸਰ ਸੱਸ ਅਤੇ ਪਤਨੀ ਨਾਲ ਕੁੱਟਮਾਰ ਕਰਦਾ ਸੀ ਅਤੇ ਫਿਰ ਜ਼ਮੀਨ ਦੇਣ ਦਾ ਦਬਾਅ ਪਾਉਂਦਾ ਸੀ । 15 ਅਗਸਤ ਦੀ ਰਾਤ ਉਸ ਨੇ ਨਸ਼ੇ ਵਿੱਚ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ । ਜਦੋਂ ਹੋਸ਼ ਆਇਆ ਤਾਂ ਉਸ ਨੇ ਲੁਟੇਰਿਆਂ ਦੀ ਝੂਠੀ ਕਹਾਣੀ ਦੱਸੀ । ਰਾਜਦੀਪ ਨੇ ਦੱਸਿਆ ਕਿ ਅੱਧੀ ਰਾਤ ਲੁਟੇਰੇ ਘਰ ਦੇ ਅੰਦਰ ਦਾਖਲ ਹੋਏ ਜਦੋਂ ਖੜਾਕ ਦੀ ਆਵਾਜ਼ ਆਈ ਤਾਂ ਉਸ ਦੀ ਸੱਸ ਹਰਬੰਸ ਕੌਰ ਉੱਠ ਗਈ । ਲੁਟੇਰਿਆਂ ਨੇ ਪਹਿਲਾਂ ਸੱਸ ‘ਤੇ ਹਮਲਾ ਕੀਤਾ ਪਤਨੀ ਵੀ ਵਿੱਚ ਆ ਗਈ ਦੋਵਾਂ ਨੂੰ ਲੁਟੇਰਿਆਂ ਨੇ ਮਾਰ ਦਿੱਤਾ ਅਤੇ ਫਿਰ ਉਸ ਨੂੰ ਜ਼ਖ਼ਮੀ ਕਰਕੇ ਸੋਨਾ ਲੈ ਕੇ ਫ਼ਰਾਰ ਹੋ ਗਏ । ਰਾਜਦੀਪ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਦੇ ਬੜੇ ਤਰਲੇ ਕੀਤੇ ਪਰ ਉਹ ਨਹੀਂ ਮੰਨੇ । ਦਰਅਸਲ ਜਵਾਈ ਰਾਜਦੀਪ ਨੇ ਆਪਣੇ ਆਪ ਨੂੰ ਹੀ ਜ਼ਖ਼ਮੀ ਕੀਤਾ ਸੀ ਤਾਂਕਿ ਪੁਲਿਸ ਉਸ ‘ਤੇ ਸ਼ੱਕ ਨਾ ਕਰ ਸਕੇ । ਪੁਲਿਸ ਨੂੰ ਘਰ ਤੋਂ ਮਿਲੇ ਇਸ ਹੋਰ ਸਬੂਤ ਦੀ ਵਜ੍ਹਾ ਕਰਕੇ ਰਾਜਦੀਪ ਦੀ ਕਹਾਣੀ ‘ਤੇ ਸ਼ੱਕ ਹੋਇਆ ਸੀ।

CCTV ਤੋਂ DVR ਗ਼ਾਇਬ ਸੀ

ਦੋਹਰੇ ਕਤਲ ਦੀ ਜਾਂਚ ਕਰਨ ਲਈ ਜਦੋਂ ਪੁਲਿਸ ਪਹੁੰਚੀ ਤਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ DVR ਗ਼ਾਇਬ ਸੀ । ਜਵਾਈ ਰਾਜਦੀਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਲੁਟੇਰੇ ਸਬੂਤ ਮਿਟਾਉਣ ਦੇ ਲਈ DVR ਆਪਣੇ ਨਾਲ ਲੈ ਗਏ ਸਨ । ਪਰ ਘਰ ਵਿੱਚ ਪਤਨੀ ਅਤੇ ਸੱਸ ਦੇ ਕਤਲ ਤੋਂ ਬਾਅਦ ਆਖ਼ਿਰ ਲੁਟੇਰੇ ਰਾਜਦੀਪ ਜ਼ਖ਼ਮੀ ਹਾਲਤ ਵਿੱਚ ਕਿਵੇਂ ਛੱਡ ਕੇ ਜਾ ਸਕਦੇ ਹਨ । ਉਹ ਜਿਊਂਦਾ ਜਾਗਦਾ ਸਬੂਤ ਕਿਵੇਂ ਛੱਡ ਗਏ ? ਜਦਕਿ CCTV ਕੈਮਰੇ ਦੀ DVR ਉਹ ਆਪਣੇ ਨਾਲ ਲੈ ਗਏ । ਪੁਲਿਸ ਨੂੰ ਰਾਜਦੀਪ ਦੀ ਇਸੇ ਕਹਾਣੀ ‘ਤੇ ਸ਼ੱਕ ਸੀ। ਪਰ ਮ੍ਰਿਤਕ ਸੱਸ ਦੇ ਭਤੀਜੇ ਜਸਵਿੰਦਰ ਸਿੰਘ ਨੇ ਜਦੋਂ ਰਾਜਦੀਪ ਦੀ ਨੀਅਤ ਬਾਰੇ ਜਾਣਕਾਰੀ ਸਾਂਝੀ ਕੀਤਾ ਤਾਂ ਖ਼ੁਲਾਸਾ ਹੋ ਗਿਆ।