‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਪੁਲਿਸ ਵੱਲੋਂ ਪਟਿਆਲਾ ਘਟਨਾ ਦੇ ਮਾਸਟਮਾਈਂਡ ਕਰਾਰ ਦਿੱਤੇ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਰਜਿੰਦਰ ਪਰਵਾਨਾ ਨੂੰ ਦੇਰ ਰਾਤ ਮੁਹਾਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਜਿੰਦਰ ਸਿੰਘ ਪਰਵਾਨੇ ਉੱਪਰ ਪਹਿਲਾਂ ਤੋਂ ਹੀ ਚਾਰ-ਪੰਜ ਕੇਸ ਦਰਜ ਹਨ ਅਤੇ ਉਹ ਪਹਿਲਾਂ ਹੀ ਜ਼ਮਾਨਤ ਉੱਤੇ ਬਾਹਰ ਆਇਆ ਹੋਇਆ ਸੀ। ਐਨਡੀਟੀਵੀ ਦੇ ਸੂਤਰਾਂ ਮੁਤਾਬਕ ਪਰਵਾਨਾ ਨੂੰ ਮੁੰਬਈ ਤੋਂ ਵਿਸਤਾਰਾ ਫਲਾਈਟ ਰਾਹੀਂ ਸਵੇਰੇ 7.20 ਵਜੇ ਮੁਹਾਲੀ ਏਅਰਪੋਰਟ ਲਿਆਂਦਾ ਗਿਆ ਸੀ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ ਪਟਿਆਲਾ ਦੀ ਟੀਮ ਨੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਮੁਹਾਲੀ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾਈ ਕਾਰਜਕਾਰੀ ਪ੍ਰਧਾਨ ਹਰੀਸ਼ ਸ਼ਿੰਗਲਾ ਨੂੰ ਦੋ ਦਿਨਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਹਰੀਸ਼ ਸਿੰਗਲਾ ਦਾ ਸਾਥੀ ਸ਼ੰਕਰ ਭਾਰਦਵਾਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਵਿੱਚ ਇੱਕ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਗੱਗੀ ਪੰਡਿਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਮਾਹੌਲ ਖਰਾਬ ਹੋਣ ਦੀ ਸੰਭਾਵਨਾ ਸੀ। ਪਟਿਆਲਾ ਵਿੱਚ ਬੀਤੇ ਦਿਨੀਂ ਹੋਏ ਟਕਰਾਅ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਬਰਜਿੰਦਰ ਸਿੰਘ ਪਰਵਾਨਾ ਨੂੰ ਇਸ ਘਟਨਾ ਦਾ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ।
ਪੁਲਿਸ ਵੱਲੋਂ ਪਰਵਾਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਹੋਰਨਾਂ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ‘ਲੁੱਕ ਆਊਟ ਸਰਕੁਲਰ’ ਜਾਰੀ ਕਰਨ ਦੀ ਤਿਆਰੀ ਖਿੱਚੀ। ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 6 FIR ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ 25 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਤੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਪੂਰੀ ਹਿੰਸਾ ਦਾ ਮਾਸਟਰਮਾਈਂਡ ਸਿੱਖ ਕੱਟੜਪੰਥੀ ਬਰਜਿੰਦਰ ਪਰਵਾਨਾ ਨੂੰ ਦੱਸਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ 9 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਸ਼ੁੱਕਰਵਾਰ ਨੂੰ ਹੋਈ ਝੜਪ ਤੋਂ ਬਾਅਦ ਪਟਿਆਲਾ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਪਟਿਆਲਾ ਹਿੰਸਾ ਮਗਰੋਂ ਆਈਜੀ, ਐੱਸਐੱਸਪੀ ਪਟਿਆਲਾ ਤੇ ਐੱਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ., ਦੀਪਕ ਪਾਰਿਕ ਨੂੰ ਨਵਾਂ ਐਸਐਸਪੀ ਪਟਿਆਲਾ ਅਤੇ ਵਜ਼ੀਰ ਸਿੰਘ ਨੂੰ ਪਟਿਆਲਾ ਦਾ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਹੈ।