India Punjab

ਮੁੜ ਲੱਗੇਗਾ ਬਰਗਾੜੀ ਮੋਰਚਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਥਕ ਜਥੇਬੰਦੀਆਂ ਨੇ ਅੱਜ ਬਰਗਾੜੀ ਬੇਅਦਬੀ ਮਾਮਲੇ ਦੀ 6ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਨੂੰ 30 ਦਿਨਾਂ ਦੇ ਅੰਦਰ ਬਰਗਾੜੀ ਕਾਂਡ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲੇ ‘ਚ ਇਨਸਾਫ ਦੇਣ ਦਾ ਅਲਟੀਮੇਟਮ ਦੇ ਦਿੱਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਜੇ ਇੰਨੇ ਦਿਨਾਂ ਵਿੱਚ ਇਨਸਾਫ ਨਾ ਮਿਲਿਆ ਤਾਂ ਬਰਗਾੜੀ ਮੋਰਚਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। 

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਸ ਐਲਾਨ ਦਾ ਸਮਰਥਨ ਕੀਤਾ। ਦਾਦੂਵਾਲ ਨੇ ਕਿਹਾ ਕਿ ਭਾਵੇਂ ਸਾਡੇ ਮਤਭੇਦਾਂ ਕਾਰਨ ਬਰਗਾੜੀ ਮੋਰਚਾ ਖਤਮ ਕੀਤਾ ਗਿਆ ਸੀ ਪਰ ਹੁਣ ਸਾਢੇ 6 ਮਹੀਨਿਆਂ ਵਿੱਚ ਸਾਨੂੰ ਠੋਕਰ ਲੱਗ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ 30 ਦਿਨਾਂ ਦੇ ਅੰਦਰ-ਅੰਦਰ ਬੇਅਦਬੀ ਅਤੇ ਇਸ ਨਾਲ ਜੁੜੇ ਗੋਲੀਕਾਂਡ ਮਾਮਲੇ ਦਾ ਇਨਸਾਫ ਨਾ ਦਿੱਤਾ ਤਾਂ ਫਿਰ ਇਹ ਮੋਰਚਾ ਸਾਰੀਆਂ ਧਿਰਾਂ ਰਲ ਕੇ ਸ਼ੁਰੂ ਕਰਨਗੀਆਂ।