Punjab

ਬਰਗਾੜੀ ਬੇਅਦਬੀ ਮਾਮਲਾ : ਵੱਖ-ਵੱਖ ਸਿਆਸੀ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਈਆਂ ਕੁੱਝ ਗੱਲਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ਸਬੰਧੀ ਕਿਹਾ ਕਿ ‘ਜੇ ਕੋਈ ਸਬੂਤ ਹਨ ਤਾਂ ਉਨ੍ਹਾਂ ਨੂੰ ਸਾਹਮਣੇ ਲਿਆ ਕੇ ਅਸਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਬੇਅਦਬੀ ਮਾਮਲੇ ਦੀ ਸਿਆਸਤ ਤੋਂ ਪ੍ਰੇਰਿਤ ਜਾਂਚ ਨਹੀਂ ਹੋਣੀ ਚਾਹੀਦੀ। ਜੇ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਹ ਗੁਰੂ ਨਾਲ ਧੋਖਾ ਹੈ। ਹੁਣ ਤੱਕ ਜੇ ਕੋਈ ਅਸਲ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦਾ ਤਾਂ ਅੱਜ ਤੱਕ ਦੋਸ਼ੀਆਂ ਨੂੰ ਸਜ਼ਾ ਹੋ ਜਾਣੀ ਸੀ’।

ਗਰੇਵਾਲ ਨੇ ਕਿਹਾ ਕਿ ‘ਗੁਰੂ ਸਾਹਿਬ ਦੀ ਬੇਅਦਬੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡੇ ਦੋਸ਼ੀ ਹਨ, ਇਸ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ। ਅਜੇ ਜਾਂਚ ਚੱਲ ਰਹੀ ਹੈ ਅਤੇ ਜਾਂਚ ਟੀਮ ਦਾ ਕੋਈ ਅਧਿਕਾਰੀ ਮੀਡੀਆ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਦਿੰਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਚਾਹੁੰਦਾ ਹੈ। ਜੇ ਬੇਅਦਬੀ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਕਾਂਗਰਸ ਦੀ ਰਾਜਨੀਤੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ’।

ਵਲਟੋਹਾ ਨੇ ਸਰਕਾਰ ਨੂੰ ਯਾਦ ਕਰਾਇਆ ਸਾਕਾ ਨੀਲਾ ਤਾਰਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ‘ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਹੱਥ ਹੋ ਸਕਦਾ ਹੈ। ਸਾਢੇ ਚਾਰ ਸਾਲ ਜੇ ਤੁਸੀਂ ਇੱਕੋ ਗੱਲ ਹੀ ਵਾਰ-ਵਾਰ ਪੇਸ਼ ਕਰੀ ਜਾਉਗੇ, ਤਾਂ ਅਸਲ ਦੋਸ਼ੀਆਂ ਨੂੰ ਕਿਵੇਂ ਫੜ੍ਹੋਗੇ। ਇਹ ਸਰਕਾਰ ਵੱਲੋਂ ਕਿਤੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ’।  

ਵਲਟੋਹਾ ਨੇ ਕਿਹਾ ਕਿ ‘ਜੇ ਬੇਅਦਬੀ ਮਾਮਲਿਆਂ ਸਬੰਧੀ ਸਬੂਤ ਹਨ ਤਾਂ ਉਨ੍ਹਾਂ ਨੂੰ ਕਿੱਥੇ ਲੁਕਾਇਆ ਹੈ। ਤੁਸੀਂ ਐੱਸਆਈਟੀ ਨੂੰ ਹਲਫਨਾਮਾ ਦੇ ਕੇ ਆਪਣੇ ਸਬੂਤ ਕਿਉਂ ਨਹੀਂ ਪੇਸ਼ ਕਰਦੇ। ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਖਿਰ ਇੱਕ ਬਿਆਨ ਜਾਰੀ ਕਰਨਾ ਪਿਆ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਸਨੂੰ ਪੇਸ਼ ਕਰੋ, ਸਿਆਸਤ ਬਹੁਤ ਹੋ ਗਈ ਹੈ, ਪਰ ਹੁਣ ਇਹ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ’।

ਵਲਟੋਹਾ ਨੇ ਕਾਂਗਰਸ ਨੂੰ ਸਾਕਾ ਨੀਲਾ ਤਾਰਾ ਦੀ ਘਟਨਾ ਯਾਦ ਕਰਾਉਂਦਿਆਂ ਕਿਹਾ ਕਿ ‘ਬੇਅਦਬੀ ਦੀਆਂ ਗੱਲਾਂ ਉਹ ਕਰ ਰਹੇ ਹਨ, ਜਿਨ੍ਹਾਂ ਨੇ ਟੈਂਕਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ, ਤਾਬਿਆ ਬੈਠੇ ਸਿੰਘ ਨੂੰ ਸ਼ਹੀਦ ਕੀਤਾ। ਹਜ਼ਾਰਾਂ ਬੱਚੇ-ਬੱਚੀਆਂ, ਲੋਕਾਂ ਨੂੰ ਪਰਿਕਰਮਾ ‘ਚ ਸ਼ਹੀਦ ਕੀਤਾ ਗਿਆ। ਇੰਦਰਾ ਗਾਂਧੀ ਦੇ ਹੁਕਮ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਸਰੂਪਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਾੜਿਆ ਗਿਆ’।

ਬੇਅਦਬੀ ਮਾਮਲੇ ‘ਚ ਸਰਕਾਰ ਫੇਲ੍ਹ ਨਹੀਂ, ਬੇਈਮਾਨ ਸਾਬਿਤ ਹੋਈ – ਸੰਧਵਾਂ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ‘ਇਹ ਉਹੀ ਲੋਕ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਤਾਂ ਕੈਪਟਨ ਸਰਕਾਰ ਨੇ 6-6 ਗੰਨਮੈਨ ਦਿੱਤੇ ਹੋਏ ਹਨ। ਇਹ ਸਾਰੀ ਵੋਟਾਂ ਦੀ ਖੇਡ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ। ਜੇ ਸਰਕਾਰਾਂ ਦੀ ਇਮਾਨਦਾਰੀ ਹੁੰਦੀ ਤਾਂ ਹੁਣ ਤੱਕ ਸਾਨੂੰ ’84 ਦਾ ਇਨਸਾਫ ਵੀ ਮਿਲ ਜਾਣਾ ਸੀ। ਸਰਕਾਰਾਂ ਦੀ ਬੇਈਮਾਨੀ ਕਰਕੇ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਹ ਸਰਕਾਰ ਵੀ ਬੇਈਮਾਨ ਹੈ, ਇਹ ਸਿਰਫ ਚੋਣਾਂ ਤੱਕ ਸਮਾਂ ਟਪਾ ਰਹੀ ਹੈ। ਸਰਕਾਰ ਫੇਲ੍ਹ ਨਹੀਂ ਹੋਈ, ਸਰਕਾਰ ਬੇਈਮਾਨ ਸਾਬਿਤ ਹੋਈ ਹੈ। ਜੋ ਮੰਤਰੀ ਹੁਣ ਬੇਅਦਬੀ ਮਾਮਲਿਆਂ ਖਿਲਾਫ ਆਵਾਜ਼ ਚੁੱਕ ਰਹੇ ਹਨ, ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ’।