ਬਿਉਰੋ ਰਿਪੋਰਟ : 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਦਾ ਵਾਂਟੇਡ ਮੁਲਜ਼ਾਮ ਅਯੁੱਧਿਆ ਤੋਂ ਗ੍ਰਿਫਤਾਰ ਹੋ ਗਿਆ ਹੈ । ਮੁਲਜ਼ਮ ਪ੍ਰਦੀਪ ਕਲੇਰ ਨੂੰ SIT ਨੇ ਗ੍ਰਿਫਤਾਰ ਕੀਤਾ ਹੈ । 2 ਫਰਵਰੀ ਨੂੰ ਪੁਲਿਸ ਅਯੁੱਧਿਆ ਗਈ ਸੀ,ਜਲਦ ਹੀ ਪੁਲਿਸ ਉਸ ਨੂੰ ਪੰਜਾਬ ਲੈਕੇ ਆਵੇਗੀ । ਪ੍ਰਦੀਪ ਕਲੇਰ ਸੌਧਾ ਸਾਦ ਦੇ ਡੇਰੇ ਨਾਲ ਜੁੜਿਆ ਹੋਇਆ ਹੈ,ਉਹ ਡੇਰੇ ਦੀ ਕੌਮੀ ਕਮੇਟੀ ਦਾ ਮੈਂਬਰ ਸੀ । ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਤੋਂ ਪ੍ਰਦੀਪ ਦੇ ਅਯੁੱਧਿਆ ਵਿੱਚ ਹੋਣ ਦਾ ਸੁਰਾਗ ਮਿਲਿਆ ਸੀ, ਜਿਸ ਤੋਂ ਬਾਅਦ ਪੁਲਿਸ ਅਯੁੱਧਿਆ ਲਈ ਰਵਾਨਾ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਅਯੁੱਧਿਆ ਵਿੱਚ ਕੁਝ ਦਿਨ ਪਹਿਲਾਂ ਪ੍ਰਾਨ ਪ੍ਰਤਿਸ਼ਠਾ ਸਮਾਗਮ ਦੌਰਾਨ ਉਸ ਦੀ ਤਸਵੀਰ ਸਾਹਮਣੇ ਆਈ ਸੀ। ਪ੍ਰਦੀਪ ਲੰਮੇ ਸਮੇਂ ਤੋਂ ਭਗੌੜਾ ਦੱਸਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਦੇ ਨਾਲ ਇੱਕ ਔਰਤ ਸਮੇਤ 2 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਪ੍ਰਦੀਪ ਦੀ ਗ੍ਰਿਫਤਾਰੀ ਤੋਂ ਬਾਅਦ 2 ਹੋਰ ਮੁਲਜ਼ਮਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ । ਇਸ ਵਿੱਚ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਹੁਣ ਵੀ ਫਰਾਰ ਹਨ । ਪ੍ਰਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਉਮੀਦ ਹੈ ਇਹ ਦੋਵੇ ਵੀ ਜਲਦ ਗ੍ਰਿਫਤਾਰ ਹੋਣਗੇ ।
ਪ੍ਰਦੀਪ ਨੂੰ ਫੜਨ ਦਾ ਆਪਰੇਸ਼ਨ SSP ਹਰਜੀਤ ਸਿੰਘ ਵੱਲੋਂ ਚਲਾਇਆ ਗਿਆ ਸੀ । ਉਨ੍ਹਾਂ ਵੱਲੋਂ ਹੀ ਉਸ ਦੀ ਗ੍ਰਿਫਤਾਰੀ ਦੇ ਲਈ ਟੀਮ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ । ਪ੍ਰਦੀਪ ਦੇ ਖਿਲਾਫ ਬੇਅਦਬੀ ਦੇ 3 ਕੇਸ ਚੱਲ ਰਹੇ ਹਨ ਅਤੇ ਕਈ ਮਾਮਲਿਆਂ ਵਿੱਚ ਚਾਰਜਸ਼ੀਟ ਵੀ ਦਾਖਲ ਹੋ ਗਈ ਹੈ । ਬੇਅਦਬੀ ਮਾਮਲੇ ਵਿੱਚ ਹੁਣ ਤੱਕ ਤਿੰਨ ਕੇਸ ਦਰਜ ਹਨ । ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਚੋਰੀ ਕਰਨਾ,ਦੂਜਾ ਗੁਰੂ ਘਰ ਦੀ ਕੰਧ ‘ਤੇ ਮਾੜੀ ਭਾਸ਼ਾ ਵਿੱਚ ਧਮਕੀ ਦੇਣਾ ਅਤੇ ਤੀਜਾ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨਾ । ਇੰਨਾਂ ਤਿੰਨਾਂ ਮਾਮਲਿਆਂ ਦੀ ਚਾਰਜਸ਼ੀਟ ਵਿੱਚ ਡੇਰਾ ਮੁਖੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਹਾਲਾਂਕਿ ਸੁਪਰੀਮ ਕੋਰਟ ਨੇ ਬੇਅਦਬੀ ਦੇ ਮੁਲਜ਼ਮਾਂ ਦੇ ਕਹਿਣ ‘ਤੇ ਤਿੰਨੋ ਕੇਸ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਸ਼ਿਫਟ ਕਰ ਦਿੱਤੇ ਸਨ।
SIT ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਬੇਅਦਬੀ ਦੀ ਘਟਨਾ ਤੋਂ ਪਹਿਲਾਂ ਬੇਅਦਬੀ ਦੇ ਮੁੱਖ ਸਾਜਿਸ਼ਕਰਤਾ ਮਹਿੰਦਰਪਾਲ ਬਿੱਟੂ ਨੇ ਤਿੰਨ ਲੋਕਾਂ ਨਾਲ ਸਾਜਿਸ਼ ਰੱਚ ਕੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜਿਸ਼ ਵੀ ਕੀਤੀ ਸੀ,ਪਰ ਉਹ ਨਾਕਾਮ ਰਹੇ ।
ਬੇਅਦਬੀ ਦੇ ਤਿੰਨ ਮੁਲਜ਼ਮਾਂ ਦਾ ਹੁਣ ਤੱਕ ਕਤਲ ਹੋ ਚੁੱਕਾ ਹੈ । ਕੋਟਕਪੂਰਾ ਦੇ ਪ੍ਰਦੀਪ ਸਿੰਘ ਕਟਾਰੀਆਂ ਦੀ 10 ਨਵੰਬਰ 2022 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਕੋਟਕਪੂਰਾ ਦੇ ਰਹਿਣ ਵਾਲੇ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਗੁਰਦੇਵ ਸਿੰਘ ਦਾ ਵੀ ਅਣਪਛਾਲੇ ਲੋਕਾਂ ਵੱਲੋਂ ਕਤਲ ਕੀਤਾ ਗਿਆ ਸੀ।