ਬਿਊਰੋ ਰਿਪੋਰਟ : ਲੁਧਿਆਣਾ ਦੇ DMC ਹਸਪਤਾਲ ਨੇ ਬਾਪੂ ਸੂਰਤ ਸਿੰਘ ਨੂੰ 7 ਸਾਲ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ । ਪਰ ਇਸ ਦੇ ਨਾਲ ਡਾਕਟਰਾਂ ਅਤੇ ਪ੍ਰਸ਼ਾਸਨ ਨੇ ਸ਼ਰਤ ਵੀ ਰੱਖੀ ਹੈ ਜਿਸ ‘ਤੇ ਬਾਪੂ ਸੂਰਤ ਸਿੰਘ ਨੇ ਵੀ ਹਾਮੀ ਭਰੀ ਹੈ । ਬਾਪੂ ਸੂਰਤ ਸਿੰਘ ਨੂੰ DMC ਦੀ ਐਂਬੂਲੈਂਸ ‘ਤੇ ਹੀ ਘਰ ਛੱਡਿਆ ਗਿਆ । ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੇ ਫੁੱਲਾਂ ਦੇ ਨਾਲ ਬਾਪੂ ਸੂਰਤ ਸਿੰਘ ਦਾ ਸੁਆਗਤ ਕੀਤਾ । ਕੌਮੀ ਇਨਸਾਫ ਮੋਰਚੇ ਨੇ ਇਹ ਵੀ ਦੱਸਿਆ ਹੈ ਕਿ ਕਦੋਂ ਬਾਪੂ ਸੂਰਤ ਸਿੰਘ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣਗੇ।
ਹਸਪਤਾਲ ਵੱਲੋਂ ਸ਼ਰਤਾਂ ‘ਤੇ ਰਿਹਾ ਕੀਤਾ ਗਿਆ
ਹਸਪਤਾਲ ਤੋਂ ਡਿਸਚਾਰਜ ਕਰਨ ਵੇਲੇ ਬਾਪੂ ਸੂਰਤ ਸਿੰਘ ਦਾ ਮੈਡੀਕਲ ਕਰਵਾਇਆ ਗਿਆ । ਰਿਪੋਰਟ ਵਿੱਚ ਕੁਝ ਅਹਿਮ ਗੱਲਾਂ ਡਾਕਟਰਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆਂ ਹਨ । ਡਾਕਟਰਾਂ ਨੇ ਸਾਫ ਤੌਰ ‘ਤੇ ਪਰਿਵਾਰ ਨੂੰ ਕਿਹਾ ਕਿ ਸੂਰਤ ਸਿੰਘ ਖਾਲਸਾ ਨੂੰ ਲਗਾਤਾਰ ਮੈਡੀਕਲ ਕੇਅਰ ਦੀ ਜ਼ਰੂਰਤ ਹੈ । ਉਨ੍ਹਾਂ ਨੂੰ ਭੀੜ ਵਾਲੀ ਥਾਂ ‘ਤੇ ਨਾ ਲਿਜਾਇਆ ਜਾਵੇ। ਜ਼ਿਆਦਾ ਲੰਮਾ ਸਫਰ ਨਹੀਂ ਕਰਵਾਇਆ ਜਾਵੇ। ਸੂਰਤ ਸਿੰਘ ਖਾਲਸਾ ਨੂੰ ਜੇਕਰ ਕਿੱਥੇ ਜਾਣਾ ਹੈ ਤਾਂ ਪਹਿਲਾਂ ਡਾਕਟਰਾਂ ਦੀ ਇਜਾਜ਼ਤ ਲੈਣੀ ਪਏਗੀ। ਮੈਡੀਕਲ ਫਿਟਨੈੱਸ ਤੋਂ ਬਾਅਦ ਹੀ ਡਾਕਟਰਾਂ ਦੀ ਦੇਖ-ਰੇਖ ਵਿੱਚ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ। ਬਾਪੂ ਸੂਰਤ ਸਿੰਘ ਨੇ ਡਾਕਟਰਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਉਹ ਹੁਣ ਮਰਨ ਵਰਤ ‘ਤੇ ਨਹੀਂ ਬੈਠਣਗੇ । ਫਿਲਹਾਲ ਬਾਪੂ ਸੂਰਤ ਸਿੰਘ ਨੂੰ ਉਨ੍ਹਾਂ ਦੇ ਪਿੰਡ ਹਸਨਪੁਰ ਜੱਦੀ ਘਰ ਲਿਜਾਇਆ ਗਿਆ ਹੈ। ਉਧਰ ਕੌਮੀ ਇਨਸਾਫ ਮੋਰਚੋ ਨੇ ਸਾਫ ਕਰ ਦਿੱਤਾ ਹੈ 15 ਦਿਨ ਬਾਅਦ ਬਾਪੂਰ ਸੂਰਤ ਸਿੰਘ ਮੋਰਚੇ ਵਿੱਚ ਸ਼ਾਮਲ ਹੋਣਗੇ।
ਕਈ ਵਾਰ ਤਬੀਅਤ ਵਿਗੜ ਚੁੱਕੀ ਹੈ
89 ਸਾਲ ਦੇ ਬਾਪੂ ਸੂਰਤ ਸਿੰਘ ਖਾਲਸਾ ਦੀ ਕਈ ਵਾਰ ਤਬੀਅਤ ਵਿਗੜ ਚੁੱਕੀ ਹੈ । ਜਨਵਰੀ ਮਹੀਨੇ ਵਿੱਚ ਉਹ 8 ਦਿਨ ਮਰਨ ਵਰਤ ‘ਤੇ ਰਹੇ ਸਨ। ਪਰ ਬਾਅਦ ਵਿੱਚੋ ਕੌਮੀ ਲੀਡਰਾਂ ਦੇ ਕਹਿਣ ‘ਤੇ ਉਨ੍ਹਾਂ ਨੇ ਮਰਨ ਵਰਤ ਤੋੜ ਦਿੱਤਾ ਸੀ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਕਈ ਸਾਲਾਂ ਤੋਂ ਮਰਨ ਵਰਤ ‘ਤੇ ਬੈਠ ਚੁੱਕੇ ਹਨ । ਇਸ ਦੌਰਾਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ ਇਸੇ ਲਈ ਉਨ੍ਹਾਂ ਨੂੰ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸੰਧੂ ਨੇ ਕਿਹਾ ਸੂਰਤ ਸਿੰਘ ਖਾਲਸਾ ਦੇ ਮੈਡੀਕਲ ਫਿਟਨੈਸ ਵੇਖਣ ਤੋਂ ਬਾਅਦ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦਿੱਤੀ ਹੈ । ਇਸ ਦੌਰਾਨ ਡਾਕਟਰਾਂ ਨੇ ਕੁਝ ਖਾਸ ਹਦਾਇਤਾਂ ਵੀ ਬਾਪੂ ਸੂਰਤ ਸਿੰਘ ਨੂੰ ਲੈਕੇ ਕੀਤੀਆਂ ਹਨ ਜਿਸ ਨੂੰ ਮੰਨਣਾ ਹੋਵੇਗਾ । ਪੰਜਾਬ ਪੁਲਿਸ ਆਪ ਉਨ੍ਹਾਂ ਨੂੰ ਪਿੰਡ ਹਸਨਪੁਰ ਛੱਡਣ ਗਈ ਹੈ ।