ਬਿਊਰੋ ਰਿਪੋਰਟ (24 ਅਕਤੂਬਰ, 2025): ਹੁਣ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਇੱਕ ਦੀ ਬਜਾਏ ਚਾਰ ਨੌਮਿਨੀ ਜੋੜ ਸਕੋਗੇ। ਇਸ ਤੋਂ ਇਲਾਵਾ, ਤੁਸੀਂ ਇਹ ਵੀ ਤੈਅ ਕਰ ਸਕੋਗੇ ਕਿ ਚਾਰ ਨੌਮਿਨੀਆਂ ਵਿੱਚੋਂ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ। ਇਹ ਨਵੇਂ ਨਿਯਮ 1 ਨਵੰਬਰ 2025 ਤੋਂ ਲਾਗੂ ਹੋ ਜਾਣਗੇ।
ਵਿੱਤ ਮੰਤਰਾਲੇ ਨੇ 23 ਅਕਤੂਬਰ ਨੂੰ ਦੱਸਿਆ ਕਿ ਇਸ ਬਦਲਾਅ ਨਾਲ ਬੈਂਕਿੰਗ ਕਲੇਮ ਅਤੇ ਉੱਤਰਾਧਿਕਾਰ (ਸਕਸੈਸ਼ਨ) ਦੀ ਪ੍ਰਕਿਰਿਆ ਆਸਾਨ ਅਤੇ ਪਾਰਦਰਸ਼ੀ ਬਣੇਗੀ। ਗਾਹਕ ਦੀ ਮੌਤ ਤੋਂ ਬਾਅਦ ਪੈਸੇ ਦੀ ਵੰਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। ਨੌਮਿਨੀ ਨੂੰ ਕਿਸੇ ਵੀ ਸਮੇਂ ਬਦਲਿਆ ਜਾਂ ਰੱਦ ਕੀਤਾ ਜਾ ਸਕੇਗਾ।
ਨੌਮੀਨੇਸ਼ਨ ਨਾਲ ਜੁੜੀਆਂ ਤਿੰਨ ਮੁੱਖ ਗੱਲਾਂ
- ਚਾਰ ਨੌਮਿਨੀ: ਅਕਾਊਂਟ ਹੋਲਡਰ ਨਵੇਂ ਨਿਯਮਾਂ ਤਹਿਤ ਹੁਣ ਚਾਰ ਲੋਕਾਂ ਨੂੰ ਨੌਮਿਨੀ ਬਣਾ ਸਕਣਗੇ।
- ਹਿੱਸੇਦਾਰੀ ਤੈਅ: ਡਿਪਾਜ਼ਿਟਰ ਚੁਣੇ ਗਏ ਹਰ ਇੱਕ ਨੌਮਿਨੀ ਲਈ ਹਿੱਸਾ ਜਾਂ ਪ੍ਰਤੀਸ਼ਤਤਾ (ਪਰਸੈਂਟੇਜ) ਤੈਅ ਕਰ ਸਕਦੇ ਹਨ। ਕੁੱਲ ਹਿੱਸੇਦਾਰੀ 100% ਹੋਵੇਗੀ, ਜਿਸ ਨਾਲ ਪੈਸੇ ਦੀ ਵੰਡ ਸਪੱਸ਼ਟ ਹੋ ਜਾਵੇਗੀ।
- ਉੱਤਰਾਧਿਕਾਰ ਸਪੱਸ਼ਟ: ਡਿਪਾਜ਼ਿਟ, ਸੇਫ ਕਸਟਡੀ ਦੇ ਆਰਟੀਕਲਜ਼ ਜਾਂ ਲਾਕਰ ਦੇ ਮਾਮਲੇ ਵਿੱਚ ਅਗਲਾ ਨੌਮਿਨੀ ਉਦੋਂ ਹੀ ਸਰਗਰਮ ਹੋਵੇਗਾ ਜਦੋਂ ਉਸ ਤੋਂ ਉੱਪਰ ਵਾਲਾ ਨੌਮਿਨੀ ਨਹੀਂ ਰਹੇਗਾ।
ਨੌਮੀਨੇਸ਼ਨ ਜੋੜਨ, ਬਦਲਣ ਜਾਂ ਰੱਦ ਕਰਨ ਲਈ ਫਾਰਮ ਅਤੇ ਪ੍ਰਕਿਰਿਆ ਦੀਆਂ ਗਾਈਡਲਾਈਨਜ਼ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ। ਇਹ ਨਿਯਮ ਬੈਂਕਿੰਗ ਸੈਕਟਰ ਵਿੱਚ ਕਲੇਮ ਸੈਟਲਮੈਂਟ ਨੂੰ ਇੱਕਸਾਰ, ਪਾਰਦਰਸ਼ੀ ਅਤੇ ਤੇਜ਼ ਬਣਾਉਣਗੇ।

