India

ਛੁੱਟੀਆਂ ਦੇ ਸ਼ੌਕੀਨ ਬੈਂਕ ਕਲਰਕ ਨੇ ਘੜ੍ਹੀ ਅਜਿਹੀ ਤਰਕੀਬ, ਪੜ੍ਹਕੇ ਦਿਮਾਗ ਘੁੰਮ ਜਾਵੇਗਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਫਤਰ ਤੋਂ ਲਗਾਤਾਰ ਗੈਰਹਾਜ਼ਿਰ ਰਹਿਣ ਦੇ ਸ਼ੁਕੀਨ ਇੱਕ ਬੈਂਕ ਦੇ ਕਲਰਕ ਨੇ ਅਜਿਹਾ ਬਹਾਨਾ ਘੜਿਆ ਕਿ ਸੁਣਨ ਵਾਲੇ ਦੇ ਹੋਸ਼ ਉੱਡ ਜਾਣਗੇ। ਤਾਈਵਾਨ ਦੇ ਇਸ ਕਲਰਕ ਨੇ ਛੁੱਟੀ ਲੈਣ ਦੇ ਬਹਾਨੇ ਲਈ ਇੱਕ ਔਰਤ ਨਾਲ ਮਹਿਜ਼ 32 ਦਿਨਾਂ ‘ਚ ਚਾਰ ਵਾਰ ਵਿਆਹ ਕੀਤਾ ਅਤੇ ਉਸੇ ਨੂੰ ਤਿੰਨ ਵਾਰ ਤਲਾਕ ਵੀ ਦੇ ਦਿੱਤਾ। ਇਹ ਆਦਮੀ ਤਾਇਪੋਈ ਦੇ ਇੱਕ ਬੈਂਕ ‘ਚ ਕੰਮ ਕਰਦਾ ਹੈ ਤੇ ਪਹਿਲੀ ਵਾਰ ਅਪਲਾਈ ਕਰਨ ਤੇ ਇਸ ਨੂੰ ਵਿਆਹ ਲਈ ਅੱਠ ਦਿਨਾਂ ਦੀ ਛੁੱਟੀ ਮਿਲੀ ਸੀ।

ਛੇ ਅਪ੍ਰੈਲ, 2020 ਨੂੰ ਵਿਆਹ ਕਰਨ ਦੇ ਬਾਅਦ ਜਦੋਂ ਇਸ ਵਿਅਕਤੀ ਦੀਆਂ ਛੁੱਟੀਆਂ ਖਤਮ ਹੋਈਆਂ ਤਾਂ ਪਤਨੀ ਨੂੰ ਤਲਾਕ ਦੇ ਦਿੱਤਾ। ਉਸ ਤੋਂ ਅਗਲੇ ਹੀ ਦਿਨ ਫਿਰ ਵਿਆਹ ਕਰ ਲਿਆ ਤੇ ਛੁੱਟੀਆਂ ਦੀ ਅਰਜ਼ੀ ਬਾਸ ਦੇ ਟੇਬਲ ‘ਤੇ ਧਰ ਦਿੱਤੀ।

ਕਲਰਕ ਨੇ ਕਿਹਾ ਹੈ ਕਿ ਇਹ ਉਸਦਾ ਕਾਨੂੰਨੀ ਹੱਕ ਹੈ। ਇਸ ਤਰ੍ਹਾਂ ਇਹ ਆਦਮੀ ਚਾਰ ਵਾਰ ਵਿਆਹ ਤੇ ਤਿੰਨ ਵਾਰ ਤਲਾਕ ਲੈਣ ਲਈ 32 ਛੁੱਟੀਆਂ ਲੈਣ ‘ਚ ਉਹ ਸਫਲ ਹੋ ਗਿਆ।

ਜਦੋਂ ਬੈਂਕ ਨੂੰ ਇਸਦੀ ਭਿਣਕ ਲੱਗੀ ਤਾਂ ਉਸ ਦੀਆਂ ਵਾਧੂ ਛੁੱਟੀਆਂ ਖਾਰਜ ਕਰ ਦਿੱਤੀਆਂ ਗਈਆਂ। ਕਲਰਕ ਨੇ ਲੇਬਰ ਬਿਊਰੋ ‘ਚ ਸ਼ਿਕਾਇਤ ਦਰਜ ਕਰਕੇ ਬੈਂਕ ‘ਤੇ ਲੇਬਰ ਲੀਵ ਕਾਨੂੰਨ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ।

ਕਾਨੂੰਨ ਮੁਤਾਬਕ ਇਕ ਕਰਮਚਾਰੀ ਵਿਆਹ ਲਈ ਅੱਠ ਦਿਨ ਦੀ ਛੁੱਟੀ ਲੈ ਸਕਦਾ ਹੈ। ਇਸ ਹਿਸਾਬ ਨਾਲ ਚਾਰ ਵਾਰ ਵਿਆਹ ਕਰਨ ਵਾਲੇ ਇਸ ਵਿਅਕਤੀ ਨੂੰ 32 ਛੁੱਟੀਆਂ ਮਿਲਣੀਆਂ ਚਾਹੀਦੀਆਂ ਸਨ। ਇਸ ਕਾਰਨ ਲੇਬਰ ਬਿਊਰੋ ਨੇ ਜਾਂਚ ਵਿਚ ਬੈਂਕ ਨੂੰ ਲੇਬਰ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ।