Others

ਬੰਗਲਾਦੇਸ਼ ’ਚ ਤਖਤਾਪਲਟ ਮਗਰੋਂ ਫ਼ੌਜ ਨੇ ਸੰਭਾਲੀ ਕਮਾਨ; ਬਣੇਗੀ ਅੰਤਰਿਮ ਸਰਕਾਰ, ਸਾਬਕਾ PM ਸ਼ੇਖ਼ ਹਸੀਨਾ ਭਾਰਤ ਰਾਹੀਂ ਜਾਣਗੇ ਲੰਦਨ!

ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਸਰਕਾਰ ਦਾ ਤਖ਼ਤਾਪਲਟ ਹੋ ਗਿਆ ਹੈ। ਦੇਸ਼ ਦੀ ਕਮਾਨ ਹੁਣ ਫ਼ੌਜ ਦੇ ਹੱਥ ਵਿੱਚ ਹੈ। ਦੇਸ਼ ਦੇ ਫੌਜ ਮੁਖੀ ਵਕਾਰ-ਉਜ਼-ਜ਼ਮਾਨ ਨੇ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਮੇਂ ਬੰਗਲਾਦੇਸ਼ ਵਿੱਚ ਵੱਡੇ ਪੱਧਰ ’ਤੇ ਅੱਗਜ਼ਨੀ ਅਤੇ ਹਿੰਸਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਵੀ ਛੱਡ ਦਿੱਤਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਲੰਦਨ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਤੋਂ ਪਹਿਲਾਂ ਉਨ੍ਹਾਂ ਦੇ ਦਿੱਲੀ ਲੈਂਡ ਹੋਣ ਦੀਆਂ ਰਿਪੋਰਟਾਂ ਹਨ ਜਿਸ ਕਰਕੇ ਭਾਰਤ-ਬੰਗਲਾਦੇਸ਼ ਦੀ ਸਰਹੱਦ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕਿਉਂਕਿ ਉਨ੍ਹਾਂ ਦਾ ਸੂਬਾ ਪੱਛਮੀ ਬੰਗਾਲ ਬੰਗਲਾਦੇਸ਼ ਨਾਲ 2,217 ਕਿਲੋਮੀਟਰ ਦੀ ਸਰਹੱਦ ਸਾਂਝਾ ਕਰਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਪੱਛਮੀ ਬੰਗਾਲ ਦੇ ਸਾਰੇ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਹਰ ਤਰ੍ਹਾਂ ਦੇ ਭੜਕਾਹਟ ਤੋਂ ਬਚਣ ਦੀ ਅਪੀਲ ਕਰੂੰਗੀ।”

ਦੱਸ ਦੇਈਏ ਵੱਡੀ ਗਿਣਤੀ ’ਚ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸਵੇਰੇ ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਝੜਪ ਵਿੱਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿੰਸਕ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਇੱਕ ਪੁਲਿਸ ਥਾਣੇ ਨੂੰ ਅੱਗ ਲਾ ਦਿੱਤੀ ਜਿਸ ਤੋਂ ਬਾਅਦ 13 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।

ਇਸ ਦੇ ਚੱਲਦਿਆਂ ਬੰਗਲਾਦੇਸ਼ ਵਿੱਚ ਕਰਫਿਊ ਲਾਇਆ ਗਿਆ ਹੈ ਅਤੇ ਫੌਜ ਤਾਇਨਾਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਹਾਊਸ ਵਿੱਚ ਦਾਖ਼ਲ ਹੋ ਗਏ ਹਨ। ਸੈਂਕੜੇ ਲੋਕ ਇਮਾਰਤ ਦੀ ਭੰਨਤੋੜ ਕਰਦੇ, ਚਿਕਨ, ਮੱਛੀ ਅਤੇ ਸਬਜ਼ੀਆਂ ਲੁੱਟਦੇ ਦੇਖੇ ਜਾ ਰਹੇ ਹਨ।