ਕਾਨਪੁਰ: ਭਾਰਤ-ਬੰਗਲਾਦੇਸ਼ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਬੰਗਲਾਦੇਸ਼ੀ ਸੁਪਰ ਫੈਨ ਟਾਈਗਰ ਰੌਬੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰੌਬੀ ਬੰਗਲਾਦੇਸ਼ ਦਾ ਝੰਡਾ ਲਹਿਰਾਉਣ ਲਈ ਸਟੇਡੀਅਮ ਦੀ ਟੁੱਟੀ-ਭੱਜੀ ਇਮਾਰਤ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੂੰ ਪੁਲਿਸ ਨੇ ਰੋਕ ਲਿਆ।
ਇਸ ਦੌਰਾਨ ਉਸਦੀ ਪੁਲਿਸ ਅਤੇ ਭਾਰਤੀ ਪ੍ਰਸ਼ੰਸਕਾਂ ਨਾਲ ਝੜਪ ਵੀ ਹੋਈ। ਰੌਬੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਉਹ ਇਸ਼ਾਰਿਆਂ ਰਾਹੀਂ ਸੰਕੇਤ ਦੇ ਰਿਹਾ ਹੈ ਕਿ ਉਸ ਨੂੰ ਮੁੱਕਾ ਮਾਰਿਆ ਗਿਆ ਸੀ। ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਮੀ ਅਤੇ ਨਮੀ ਕਾਰਨ ਉਸ ਨੂੰ ਡੀਹਾਈਡ੍ਰੇਟ ਹੋ ਗਿਆ ਸੀ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ।
ਇਸ ਸਬੰਧੀ ਏਸੀਪੀ ਅਭਿਸ਼ੇਕ ਪਾਂਡੇ ਨੇ ਕਿਹਾ ਕਿ ਟਾਈਗਰ ਰੌਬੀ ਦੀ ਸਿਹਤ ਅਚਾਨਕ ਵਿਗੜ ਗਈ। ਉਹ ਉਥੇ ਡਿੱਗ ਪਿਆ। ਉਸ ’ਤੇ ਕਿਸੇ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬੰਗਲਾਦੇਸ਼ ’ਚ ਸੱਤਾ ਤਬਦੀਲੀ ਦੌਰਾਨ ਹਿੰਦੂਆਂ ’ਤੇ ਹੋਏ ਹਮਲੇ ਨੂੰ ਲੈ ਕੇ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ। ਏਟੀਐਸ ਕਮਾਂਡੋ ਬਖ਼ਤਰਬੰਦ ਗੱਡੀਆਂ ਨਾਲ ਤਾਇਨਾਤ ਸਨ।