‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁੱਲ ਮੋਮਿਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਅਮਰੀਕਾ ਵਿੱਚ ਉਨ੍ਹਾਂ ਦੇ ਸੁਰੱਖਿਆ ਬਲਾਂ ਅਤੇ ਛੇ ਅਧਿਕਾਰੀਆਂ ਖਿਲਾਫ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ। ਨਵੇਂ ਸਾਲ ਮੌਕੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਲਿਖੇ ਗਏ ਵਧਾਈ ਸੰਦੇਸ਼ ਵਿੱਚ ਬੰਗਲਾਦੇਸ਼ ਮੰਤਰੀ ਨੇ ਇਹ ਅਪੀਲ ਕੀਤੀ ਹੈ।
ਮੋਮਿਨ ਨੇ ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਪੱਤਰਕਾਰਾਂ ਨੂੰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਉਨ੍ਹਾਂ ਦੀ ਟੈਲੀਫੋਨ ਉੱਤੇ ਗੱਲਬਾਤ ਹੋਈ ਸੀ। 15 ਦਸੰਬਰ ਦੀ ਸ਼ਾਮ ਨੂੰ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਫੋਨ ‘ਤੇ ਗੱਲ ਕੀਤੀ ਸੀ। ਉਸ ਸਮੇਂ ਵਿਦੇਸ਼ ਮੰਤਰੀਆਂ ਨੇ ਸੁਰੱਖਿਆਬਲ ਰੈਪਿਡ ਐਕਸ਼ਨ ਬਟਾਲੀਅਨ ਅਤੇ ਫੌਜੀ ਅਤੇ ਹੋਰ ਨਾਗਰਿਕ ਅਧਿਕਾਰੀਆਂ ਦੇ ਖਿਲਾਫ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਗੱਲ ਕੀਤੀ ਸੀ।