Punjab

550 ਸਾਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੀਤਾ ਵਾਅਦਾ ਪੂਰਾ ਕਰੇ ਕੇਂਦਰ ਸਰਕਾਰ: ਜਥੇਦਾਰ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਆਦੇਸ਼ ਕੀਤੇ ਹਨ ਕਿ ਉਹ ਭਾਰਤੀ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਨੂੰ ਰਿਹਾਅ ਕਰੇ। ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਬੰਦੀ ਸਿੰਘ ਜੇਲ੍ਹਾਂ ਵਿੱਚ ਕੈਦ ਹਨ।

 

ਜਥੇਦਾਰ ਸਾਹਿਬ ਨੇ ਕਿਹਾ ਕਿ “ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹਨਾਂ ਵਿੱਚੋਂ ਸਿਰਫ ਕੁਝ ਕੁ ਨੂੰ ਛੱਡ ਕੇ ਬਾਕੀ ਬਹੁਤ ਸਾਰੇ ਬੰਦੀ ਸਿੰਘ ਹਾਲੇ ਵੀ ਜੇਲ੍ਹਾਂ ਵਿੱਚ ਕੈਦ ਹਨ। ਜਥੇਦਾਰ ਸਾਹਿਬ ਨੇ ਆਦੇਸ਼ ਕੀਤਾ ਕਿ ਨੌਵੇਂ ਪਾਤਸ਼ਾਹ ਗੁ. ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ”।

 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਹਰਲੇ ਮੁਲਕਾਂ ਵਿੱਚ ਬੈਠੇ ਸਿੰਘਾਂ ਦੇ ਭਾਰਤ ਆਉਣ-ਜਾਣ ਉੱਤੇ ਲੱਗੀ ਰੋਕ ਨੂੰ ਹਟਾਉਣ ਬਾਰੇ ਵੀ ਕਿਹਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ “ਬਹੁਤ ਸਾਰੇ ਸਿੰਘ 30-35 ਸਾਲਾਂ ਤੋਂ ਵਿਦੇਸ਼ਾਂ ਵਿੱਚ ਬੈਠੇ ਹਨ, ਸਰਕਾਰ ਨੇ ਉਹਨਾਂ ਉੱਤੇ ਝੂਠੇ ਪਰਚੇ ਪਾ ਕੇ ਭਾਰਤ ਆਉਣ ਤੋਂ ਰੋਕਿਆ ਹੋਇਆ ਹੈ। ਸਰਕਾਰ ਇਹਨਾਂ ਸਿੰਘਾਂ ‘ਤੇ ਪਾਏ ਪਰਚੇ ਤੁਰੰਤ ਹਟਾਏ ਅਤੇ ਇਹਨਾਂ ਨੂੰ ਗੁ. ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਆਉਣ ਦੀ ਆਗਿਆ ਦੇਵੇ, ਤਾਂ ਜੋ ਇਹ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ ਅਤੇ ਆਪਣੇ ਘਰ-ਬਾਰ ਮੁੜ ਦੇਖ ਸਕਣ”।