Punjab

27 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਬੰਦੀ ਸਿੰਘ, ਕੌਮੀ ਇਨਸਾਫ਼ ਮੋਰਚੇ ਨੇ ਕੀਤਾ ਸਵਾਗਤ

Bandi Singh came out of jail after 27 years, was welcomed by the National Justice Front

ਚੰਡੀਗੜ੍ਹ : ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ( Gurmeet Singh Engineer )  ਨੂੰ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿਚੋਂ 28 ਦਿਨਾਂ ਦੀ ਪੈਰੋਲ ਮਿਲ ਗਈ ਹੈ। ਬੁੱਧਵਾਰ ਨੂੰ ਉਨ੍ਹਾਂ ਦੇ ਜੇਲ੍ਹ ’ਚੋਂ ਰਿਹਾਅ ਹੋ ਕੇ ਆਉਣ ’ਤੇ ਕੌਮੀ ਇਨਸਾਫ਼ ਮੋਰਚੇ ਦੇ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਦਿਲਸ਼ੇਰ ਸਿੰਘ ਸਮੇਤ ਹੋਰਨਾਂ ਮੈਂਬਰਾਂ ਨੇ ਸਵਾਗਤ ਕੀਤਾ। ਮੋਰਚੇ ਦੇ ਮੈਂਬਰਾਂ ਦੇ ਨਾਲ ਉਹ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ।

ਇਸ ਮੌਕੇ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਕੌਮੀ ਇਨਸਾਫ਼ ਮੋਰਚੇ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਥ ਦੀਆਂ ਲਟਕਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਹ ਬੁੜੈਲ ਜੇਲ੍ਹ ’ਚੋਂ 28 ਦਿਨਾਂ ਦੀ ਪੈਰੋਲ ’ਤੇ ਆਏ ਹਨ।

ਭਾਈ ਗੁਰਮੀਤ ਸਿੰਘ ਇੰਜੀਨੀਅਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਹਨ। 2007 ਉਨ੍ਹਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 1995 ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਹ 27 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ।

ਦੱਸ ਦੇਈਏ ਕਿ ਇਸ ਪਹਿਲਾਂ ਕਰਨਾਟਕ ਦੀ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤੇ ਗਏ ਗੁਰਦੀਪ ਸਿੰਘ ਖਹਿਰਾ ਨੂੰ 2 ਮਹੀਨੇ ਦੀ ਪੈਰੋਲ ਮਿਲੀ ਹੈ। ਗੁਰਦੀਪ ਸਿੰਘ ਖਹਿਰਾ ਨੂੰ 6 ਫਰਵਰੀ ਨੂੰ 8 ਹਫ਼ਤਿਆਂ ਦੀ ਪੈਰੋਲ ਦਿੱਤੀ ਗਈ ਹੈ। ਗੁਰਦੀਪ ਸਿੰਘ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਹੈ। ਉਸ ਉੱਤੇ ਦਿੱਲੀ ਦੇ ਬੰਬ ਧਮਾਕਿਆਂ ਦਾ ਦੋਸ਼ ਹੈ। ਉਸ ਨੂੰ 1990 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ 1991 ਵਿਚ ਗੁਰਦੀਪ ਖਹਿਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਪੈਰੋਲ ‘ਤੇ ਬਾਹਰ ਆਇਆ ਇੱਕ ਹੋਰ ਬੰਦੀ ਸਿੰਘ

ਸਾਲ 2015 ‘ਚ ਉਨ੍ਹਾਂ ਨੂੰ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਸ਼ਿਫਟ ਕੀਤਾ ਗਿਆ ਸੀ। ਦਰਅਸਲ ਅਕਾਲੀ ਸਰਕਾਰ ਵੇਲੇ ਬੰਦੀ ਸਿੰਘਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਉਠਾਇਆ ਗਿਆ ਸੀ। ਕੇਂਦਰ ਦੀ ਭਾਜਪਾ ਸਰਕਾਰ ਦੀ ਹਮਾਇਤ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਕੁਝ ਕੈਦੀਆਂ ਨੂੰ ਪੰਜਾਬ ਭੇਜ ਦਿੱਤਾ ਗਿਆ ਸੀ। ਜਿਨ੍ਹਾਂ ਵਿਚ ਪ੍ਰੋਫੈਸਰ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਵੀ ਸਨ। ਇਹ ਉਹ ਮੌਕਾ ਸੀ ਜਦੋਂ ਖਹਿਰਾ 8 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ। ਹੁਣ ਖਹਿਰਾ ਕਰੀਬ 32 ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ।

ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦਾ ਸੰਘਰਸ਼ ਨੂੰ ਬੂਰ ਪੈ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ।