‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ 12 ਸਤੰਬਰ ਨੂੰ ਹੋਣ ਵਾਲੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (HPSC) ਦੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀਆਂ ਵਿਦਿਆਰਥੀਆਂ ਲਈ ਇੱਕ ਵੱਡੀ ਮੁਸੀਬਤ ਮੁੜ ਸਾਹਮਣੇ ਆ ਗਈ ਹੈ ਜਾਂ ਫਿਰ ਕਹਿ ਲਈਏ ਕਿ ਪ੍ਰਸ਼ਾਸਨ ਵੱਲੋਂ ਇੱਕ ਵਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। HPSC ਦੀ ਪ੍ਰੀਖਿਆ ਵਿੱਚ ਬਾਕੀ ਜਿਊਲਰੀ ਦੇ ਨਾਲ-ਨਾਲ ਸਿੱਖ ਕੌਮ ਦੇ ਚਿੰਨ੍ਹਾਂ ‘ਤੇ ਵੀ ਪਾਬੰਦੀ ਲਾਈ ਗਈ ਹੈ। ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਕਕਾਰ ਪ੍ਰੀਖਿਆ ਕੇਂਦਰ ਦੇ ਅੰਦਰ ਲੈ ਕੇ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ। ਉਮੀਦਵਾਰਾਂ ਨੂੰ ਦਿੱਤੇ ਗਏ ਐਡਮਿਟ ਕਾਰਡ ਵਿੱਚ ਲਿਖਿਆ ਗਿਆ ਹੈ ਕਿ ਧਾਰਮਿਕ ਚਿੰਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਧਾਰਮਿਕ ਕਕਾਰਾਂ ਨੂੰ ਅੰਦਰ ਲੈ ਕੇ ਜਾਣ ‘ਤੇ ਲਾਈ ਪਾਬੰਦੀ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਸਿਰਸਾ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਗੈਰ ਸੰਵਿਧਾਨਿਕ ਫੈਸਲਾ ਹੈ, ਜੋ ਸਿੱਖਾਂ ਦੇ ਧਾਰਮਿਕ ਕਕਾਰਾਂ ਕੜੇ ਅਤੇ ਸ੍ਰੀ ਸਾਹਿਬ ਵਰਗੇ ਧਾਰਮਿਕ ਕਕਾਰਾਂ ਦੇ ਖਿਲਾਫ ਹੈ ਕਿਉਂਕਿ ਅੰਮ੍ਰਿਤਧਾਰੀ ਸਿੰਘ ਪੰਜ ਕਕਾਰਾਂ ਨੂੰ ਆਪਣੇ ਤੋਂ ਕਦੇ ਵੱਖ ਨਹੀਂ ਕਰ ਸਕਦੇ।
ਉਹਨਾਂ ਕਿਹਾ ਕਿ ਸਿੱਖ ਤਾਂ ਪਹਿਲਾਂ ਹੀ ਦੇਸ਼ ਵਿੱਚ ਵੱਖ-ਵੱਖ ਪ੍ਰੀਖਿਆਵਾਂ ਵਿੱਚ ਧਾਰਮਿਕ ਕਕਾਰ ਧਾਰਨ ਕਰਨ ‘ਤੇ ਲੱਗੀਆਂ ਪਾਬੰਦੀਆਂ ਖਿਲਾਫ ਲੜਾਈਆਂ ਲੜ ਰਹੇ ਹਨ ਅਤੇ ਹਰਿਆਣਾ ਸਰਕਾਰ ਦਾ ਮੌਜੂਦਾ ਹੁਕਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਇਹ ਆਦੇਸ਼ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ 8 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਪਟਵਾਰੀ ਦੇ ਅਹੁਦੇ ਲਈ ਲਈ ਗਈ ਪ੍ਰੀਖਿਆ ਦੌਰਾਨ ਚੰਡੀਗੜ੍ਹ ਦੇ ਸੈਕਟਰ 32 ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਪ੍ਰੀਖਿਆ ਦੇਣ ਪਹੁੰਚੇ ਸਿੱਖ ਵਿਦਿਆਰਥੀਆਂ ਨੇ ਪ੍ਰਬੰਧਕਾਂ ‘ਤੇ ਉਨ੍ਹਾਂ ਦੇ ਕੜੇ ਲੁਹਾਉਣ ਦਾ ਦੋਸ਼ ਲਾਇਆ ਸੀ। ਵਿਦਿਆਰਥੀਆਂ ਦੇ ਕੜੇ ਲੁਹਾ ਕੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਜਾਣ ਦਿੱਤਾ ਗਿਆ ਸੀ। ਇੱਕ ਵਿਆਹੁਤਾ ਦਾ ਚੂੜਾ ਵੀ ਲੁਹਾਇਆ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਾਹਨਤ ਪਾਉਂਦਿਆਂ ਕਿਹਾ ਸੀ ਕਿ ਜੇ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਵਿੱਚ ਹੀ ਅੱਜ ਸਾਨੂੰ ਕਕਾਰ ਲਾਉਣ ਲਈ ਮਜ਼ਬੂਰ ਕਰਕੇ ਜਲੀਲ ਕੀਤਾ ਜਾਵੇ, ਇਸ ਤੋਂ ਵੱਡਾ ਮਾੜਾ ਸਮਾਂ ਸਾਡੇ ਵਾਸਤੇ ਨਹੀਂ ਹੋ ਸਕਦਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਪਟਵਾਰੀ ਦੇ ਇਮਤਿਹਾਨ ਮੌਕੇ ਸਿੱਖ ਬੱਚਿਆਂ ਦੇ ਕਕਾਰ ਲੁਹਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕਰਨ ਲਈ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਕੌਂਸਲ ਗੁਰਸਾਗਰ ਦੇ ਪ੍ਰਬੰਧਕਾਂ ਵੱਲੋਂ ਇੱਕ ਉੱਦਮ ਕੀਤਾ ਗਿਆ ਹੈ। ਇਸ ਕੌਂਸਲ ਵੱਲੋਂ ਅਜਿਹੀਆਂ ਘਟਨਾਵਾਂ ਪਿੱਛੇ ਪਾਏ ਜਾਣ ਵਾਲੇ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨ ਦੇ ਮਾਹਿਰਾਂ ਨਾਲ ਗੱਲਬਾਤ ਕਰਕੇ ਕਾਨੂੰਨੀ ਚਾਰਾਜ਼ੋਈ ਕੀਤੀ ਜਾਵੇਗੀ। ਕੌਂਸਲ ਕੋਲ ਸੀਨੀਅਰ ਵਕੀਲਾਂ ਦਾ ਇੱਕ ਪੈਨਲ ਵੀ ਹੈ, ਜੋ ਇਸ ਉੱਦਮ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਵੇਗਾ। ਕੌਂਸਲ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਿੱਥੇ ਕਿਤੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰਨ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਨਾਲ ਜਲਦੀ ਸੰਪਰਕ ਕਰਨ ਲਈ ਕਹਿੰਦਿਆਂ ਆਪਣੇ ਹੈਲਪਲਾਈਨ ਨੰਬਰ ਜਾਰੀ ਕੀਤੇ ਸਨ। ਕੌਂਸਲ ਨਾਲ ਸੰਪਰਕ ਕਰਨ ਲਈ ਲੋੜਵੰਦ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
- 9815087217
- 9815011911
- 9463464347
- 9872750906
- 9781437111