Punjab

ਰਾਜੋਆਣਾ ਵੱਲੋਂ SGPC ਤੇ ਦਿੱਲੀ ਕਮੇਟੀ ਨੂੰ ਅਖੀਰਲਾ ਅਲਟੀਮੇਟਮ !

ਬਿਉਰੋ ਰਿਪੋਰਟ : ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 20 ਦਿਨ ਦਾ ਅਲਟੀਮੇਟਮ ਦਿੱਤੀ ਹੈ । ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੇ ਜ਼ਰੀਏ ਸੁਨੇਹਾ ਭੇਜਿਆ ਹੈ ਕਿ ਜੇਕਰ 20 ਦਿਨਾਂ ਦੇ ਅੰਦਰ ਕੋਈ ਹੱਲ ਨਹੀਂ ਨਿਕਲ ਦਾ ਹੈ ਤਾਂ ਉਹ ਭੁੱਖ ਹੜ੍ਹਤਾਲ ‘ਤੇ ਬੈਠ ਜਾਣਗੇ । ਭੈਣ ਕਮਲਦੀਪ ਕੌਰ ਨੇ ਕਿਹਾ ਉਨ੍ਹਾਂ ਦੇ ਭਰਾ ਰਾਜੋਆਣਾ ਨੇ ਜਥੇਦਾਰ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ 20 ਦਿਨ ਦਾ ਸਮਾਂ ਹੋਰ ਦਿੱਤਾ ਹੈ । ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀ SGPC ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਹ ਰਾਜੋਆਣਾ ਦੀ ਰਿਹਾਈ ਨੂੰ ਲੈਕੇ ਕੋਸ਼ਿਸ਼ਾਂ ਤੇਜ਼ ਕਰਨ ਅਤੇ ਹੋਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਠੋਸ ਰਣਨੀਤੀ ਬਣਾਉਣ । ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਚਿੱਠੀ ਵਿੱਚ ਰਾਜੋਆਣਾ ਨੇ 10 ਦਿਨ ਦਾ ਸਮਾਂ ਦਿੱਤਾ ਸੀ ਅਤੇ ਉਸ ਤੋਂ ਬਾਅਦ ਜੇਕਰ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਪਟੀਸ਼ਨ ਵਾਪਸ ਨਹੀਂ ਲੈਂਦੀ ਤਾਂ ਜੇਲ੍ਹ ਵਿੱਚ ਹੀ ਭੁੱਖ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਸੀ ।

ਭੈਣ ਕਮਲਦੀਪ ਕੌਰ ਨੇ ਕਿਹਾ ਉਨ੍ਹਾਂ ਦੇ ਭਰਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਪਿਛਲੇ 12 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਪਈ ਹੈ । ਸੁਪਰੀਮ ਕੋਰਟ ਕਈ ਵਾਰ ਕੇਂਦਰ ਨੂੰ ਨਿਰਦੇਸ਼ ਜਾਰੀ ਕਰ ਚੁੱਕਾ ਹੈ ਪਰ ਉਹ ਹਰ ਵਾਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਟਾਲ ਦਿੰਦੇ ਹਨ । ਸਾਨੂੰ ਕੇਂਦਰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ । ਰਾਜੋਆਣਾ ਦੀ ਭੈਣ ਨੇ SGPC ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਵੀ 12 ਸਾਲਾਂ ਤੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ । ਕਮਲਦੀਪ ਕੌਰ ਨੇ ਕਿਹਾ ਇੰਨਾਂ ਸਾਰੀਆਂ ਚੀਜ਼ਾ ਤੋਂ ਨਿਰਾਸ਼ ਰਾਜੋਆਣਾ ਨੇ SGPC ਨੂੰ 2012 ਵਿੱਚ ਪਾਈ ਰਹਿਮ ਪਟੀਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਹੈ । ਇਸ ਦੇ ਲਈ ਰਾਜੋਆਣਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦੇ ਨਾਂ ‘ਤੇ ਪੱਤਰ ਵੀ ਭੇਜਿਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਰਹਿਮ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਤੋਂ SGPC ਵਾਪਸ ਲਏ ਤਾਂਕੀ ਅਗਲੀ ਕਾਰਵਾਈ ਹੋ ਸਕੇ।