Punjab

ਬਲਵੰਤ ਸਿੰਘ ਰਾਜੋਆਣਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ !

ਬਿਉਰੋ ਰਿਪੋਰਟ :ਬਲਵੰਤ ਸਿੰਘ ਰਾਜੋਆਣ ਨੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਸਵੇਰ ਸਾਢੇ 8 ਵਜੇ ਜੇਲ੍ਹ ਮੈਨਿਉਲ ਦੇ ਹਿਸਾਬ ਨਾਲ ਜਦੋਂ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ ਖਾਣ ਤੋਂ ਸਾਫ ਇਨਕਾਰ ਕਰ ਦਿੱਤਾ । ਰਾਜੋਆਣਾ ਦੇ ਭੁੱਖ ਹੜਤਾਲ ‘ਤੇ ਜਾਣ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਨੇ ਆਪ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਵੀਰ ਜੀ ਵੱਲੋਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ‘ਤੇ ਇੱਕ ਚਿੱਠੀ ਭੇਜੀ ਗਈ ਹੈ,ਜਿਸ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਤੱਕ SGPC ਆਪਣੀ ਰਹਿਮ ਦੀ ਅਪੀਲ ਵਾਪਸ ਨਹੀਂ ਲੈਂਦੀ ਹੈ ਉੱਦੋ ਤੱਕ ਜੇਲ੍ਹ ਵਿੱਚ ਭੁੱਖ ਹੜਤਾਲ ਜਾਰੀ ਰਹੇਗੀ । ਇਸ ਤੋਂ ਇਲਾਵਾ ਭੈਣ ਨੇ ਦੱਸਿਆ ਜੇਕਰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੀਰ ਜੀ ਦੇ ਕੇਸ ਦੀ ਆਪ ਅਗਵਾਈ ਕਰਨ ਤਾਂ ਵੀ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਜਾ ਸਕਦੀ ਹੈ । ਚਿੱਠੀ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਇਸ ਗੱਲ ਦਾ ਵੀ ਜਿਕਰ ਕੀਤਾ ਹੈ ਕਿ ਆਖਿਰ ਉਨ੍ਹਾਂ ਨੂੰ ਕਿਉਂ ਭੁੱਖ ਹੜਤਾਲ ਕਰਨ ਦੀ ਨੌਬਤ ਆਈ ਅਤੇ ਸਿੱਖ ਸੰਸਥਾਵਾਂ ‘ਤੇ ਵੀ ਉਨ੍ਹਾਂ ਨੇ ਗੰਭੀਰ ਸਵਾਲ ਖੜੇ ਕੀਤੇ ਹਨ ।

ਰਾਜੋਆਣਾ ਨੇ ਚਿੱਠੀ ਵਿੱਚ ਕੋਸ਼ਿਸ਼ਾਂ ‘ਤੇ ਸਵਾਲ ਚੁੱਕੇ

ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਾਹਿਬ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮਸਲੇ ਨੂੰ ਲੈਕੇ ਉਨ੍ਹਾਂ ਨੇ ਕਦਮ ਚੁੱਕਿਆ ਸੀ । 28 ਸਾਲ ਤੋਂ ਉਹ ਜੇਲ੍ਹ ਵਿੱਚ ਬੰਦ ਹਨ 12 ਸਾਲ ਤੋਂ ਉਹ ਫਾਂਸੀ ਦੀ ਚੱਕੀ ਦੀ ਸਜ਼ਾ ਕੱਟ ਰਹੇ ਹਨ। ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਹੈ । ਚਿੱਠੀ ਵਿੱਚ ਰਾਜੋਆਣਾ ਨੇ ਜ਼ਿਕਰ ਕੀਤਾ ਹੈ ਜਿਹੜੀ ਸੰਸਥਾਵਾਂ ‘ਤੇ ਉਨ੍ਹਾਂ ਨੂੰ ਵਿਸ਼ਵਾਸ਼ ਸੀ ਉਹ ਹੁਣ ਟੱਟ ਗਿਆ ਹੈ। ਰਾਜੋਆਣਾ ਦੀ ਭੈਣ ਨੇ ਕਿਹਾ ਅੱਜ ਵੀ ਸਾਡੇ ਕੋਲੋ ਸਮਾਂ ਹੈ ਕਿ ਅਸੀਂ ਆਪਣਾ ਫ਼ਰਜ਼ ਪੂਰਾ ਕਰੀਏ। ਉਨ੍ਹਾਂ ਕਿਹਾ ਜਥੇਦਾਰ ਸਾਹਿਬ ਆਪ ਇਸ ਮਸਲੇ ਦੀ ਅਗਵਾਈ ਕਰਨ ਤਾਂਕੀ ਇਨਸਾਫ ਮਿਲ ਸਕੇ ਅਤੇ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਟੁੱਟ ਸਕੇ ਜਾਂ ਫਿਰ ਉਨ੍ਹਾਂ ਦੀ ਰਹਿਮ ਦੀ ਪਟੀਸ਼ਨ ਨੂੰ ਵਾਪਸ ਲਿਆ ਜਾਵੇ। ਭੈਣ ਕਮਲਦੀਪ ਕੌਰ ਨੇ ਕਿਹਾ 1 ਮਹੀਨੇ ਪਹਿਲਾਂ ਜਦੋਂ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ SGPC ਨੂੰ ਅਪੀਲ ਵਾਪਸ ਲੈਣ ਦੇ ਆਦੇਸ਼ ਦੇਣ ਦੀ ਬੇਨਤੀ ਕੀਤੀ ਸੀ ਉਸ ਤੋਂ ਪਹਿਲਾਂ ਮੈਂ ਪੰਜਾ ਤਖ਼ਤਾਂ ਦੇ ਜਥੇਦਾਰ,ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ, ਪਰ ਕਿਸੇ ਨੇ ਨਹੀਂ ਸੁਣੀ । ਉਧਰ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ‘ਤੇ SGPC ਅਤੇ ਅਕਾਲੀ ਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ ।

SGPC ਦਾ ਬਿਆਨ

SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਨ ਦੌਰਾਨ ਕੋਈ ਕਸਰ ਨਹੀਂ ਛੱਡੀ। ਦੇਸ਼ ਦੇ ਸਭ ਤੋਂ ਮਸ਼ਹੂਰ ਵਕੀਲ ਮੁਕਲ ਰੋਹਤਗੀ ਨੂੰ ਨਿਯੁਕਤ ਕੀਤਾ ਗਿਆ । ਪਰ ਸੁਪਰੀਮ ਕੋਰਟ ਨੇ ਅਖੀਰ ਵਿੱਚ ਪਟੀਸ਼ਨ ਨੂੰ ਰੱਦ ਕਰ ਦਿੱਤਾ। ਕਮੇਟੀ ਦੇ ਸਕੱਤਰ ਨੇ ਕਿਹਾ ਅਸੀਂ ਕਈ ਵਾਰ ਰਾਜੋਆਣਾ ਦੀ ਰਿਹਾਈ ਦੇ ਲਈ ਰਾਸ਼ਟਰਪਤੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਹਾਂ ਪਰ ਹੁਣ ਤੱਕ ਸਾਨੂੰ ਮਿਲਣ ਦਾ ਤੱਕ ਦਾ ਸਮਾ ਨਹੀਂ ਦਿੱਤਾ ਜਾ ਰਿਹਾ ਹੈ । ਜਦਕਿ ਰਾਜੀਵ ਗਾਂਧੀ ਦੇ ਕਾਤਲ ਅਤੇ ਬਿਲਕਿਸ ਬਾਨੋ ਦੇ ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਹੀ ਬਰੀ ਕਰ ਦਿੱਤਾ ਜਾਂਦਾ ਹੈ ।ਉਧਰ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਅਸੀਂ ਵੀ ਜਦੋਂ ਕੇਂਦਰ ਵਿੱਚ ਭਾਇਵਾਲ ਸੀ ਤਾਂ ਰਾਜੋਆਣਾ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਇਸੇ ਲਈ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ । ਪਰ ਬਾਅਦ ਵਿੱਚੋ ਉਹ ਮੁਕਰ ਗਏ,ਇਸ ਦੀ ਜਵਾਬ ਦੇਹੀ ਕੇਂਦਰ ਸਰਕਾਰ ਦੀ ਹੈ ।