Punjab

ਰਾਜੋਆਣਾ ਦੀ ਭੈਣ ਜਥੇਦਾਰ ਦੇ ਬਿਆਨ ਤੋਂ ਨਰਾਜ਼ ! ‘SGPC ਮੇਰੇ ਭਰਾ ਦੀ ਅਪੀਲ ਵਾਪਸ ਲਏ’ !

ਬਿਊਰੋ ਰਿਪੋਰਟ : 6 ਜੂਨ ਨੂੰ ’84 ਘਲੂਘਾਰੇ ਦੀ 39 ਵੀਂ ਬਰਸੀ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਨਸਾਫ ਦੇ ਲਈ ਸਰਕਾਰਾਂ ਅੱਗੇ ਹੱਥ ਨਾ ਅੱਡਣ ਦੇ ਬਿਆਨ ਤੋਂ ਬਾਅਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਜਥੇਦਾਰ ਸਾਹਿਬ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਹੈ । ਉਨ੍ਹਾਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਅਸਿੱਧੇ ਤੌਰ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਤੰਜ ਵੀ ਕੱਸ ਦੇ ਹੋਏ ਕਿਹਾ ਕਿ ‘ਵੀਰ ਜੀ ਰਾਜੋਆਣਾ ਜੀ ਦਾ ਕਹਿਣਾ ਹੈ ਕਿ ਅਸੀਂ ਕੌਮ ਲਈ ਇਨਸਾਫ ਮੰਗਣਾ ਹੀ ਨਹੀਂ ਤਾਂ ਹੁਕਮਰਾਨਾਂ ਦੀਆਂ ਵਿਆਹ ਸ਼ਾਦੀਆਂ ਵਿੱਚ ਜਾਕੇ ਲੱਡੂ ਖਾਊ,ਭੰਗੜੇ ਪਾਉ,ਜੈੱਟ ਸੁਰੱਖਿਆ ਲੈ ਕੇ ਆਨੰਦ ਲਵੋ।

‘SGPC ਅਪੀਲ ਵਾਪਸ ਲਏ’

ਸਿਰਫ਼ ਇਨ੍ਹਾਂ ਹੀ ਨਹੀਂ ਕਮਲਦੀਪ ਕੌਰ ਨੇ ਇਹ ਵੀ ਲਿਖਿਆ ਹੈ ਕਿ ਮੈਂ ਜਥੇਦਾਰ ਸਾਹਿਬ ਨੂੰ 5 ਜੂਨ ਨੂੰ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਮਿਲੀ ਵੀ ਸੀ,ਪਰ ਅਗਲੇ ਦਿਨ ਹੀ ਜਥੇਦਾਰ ਸਾਹਿਬ ਦਾ ਇਹ ਆਦੇਸ਼ ਆ ਗਿਆ। ਨਰਾਜ਼ ਬੀਬੀ ਕਮਲਦੀਪ ਕੌਰ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਵੀਰ ਜੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਸਰਕਾਰਾਂ ਤੋਂ ਇਨਸਾਫ਼ ਮੰਗਣਾ ਹੀ ਨਹੀਂ ਤਾਂ ਇਹ ਬਹੁਤ ਜਰੂਰੀ ਹੈ ਕਿ ਇਨਸਾਫ ਲਈ ਕਿਤੇ ਵੀ ਕੋਈ ਅਪੀਲ ਨਾ ਕੀਤੀ ਜਾਵੇ । ਇਸ ਲਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਜਾਰੀ ਕਰ ਦੇਵੋ ਕਿ 2012 ਵਿੱਚ ਆਪਣੀ ਕੀਤੀ ਹੋਈ ਅਪੀਲ ਨੂੰ ਵਾਪਸ ਲੈ ਲਿਆ ਜਾਵੇ। ਕਿਉਂਕਿ ਤੁਸੀਂ ਕਿਹਾ ਹੈ ਸਰਕਾਰਾਂ ਤੋ ਇਨਸਾਫ਼ ਮੰਗਣ ਦੀ ਲੋੜ ਨਹੀਂ ਹੈ। ਆਪਣੀ ਪੋਸਟ ਵਿੱਚ ਬੀਬੀ ਕਮਲਦੀਪ ਕੌਰ ਨੇ ਕੇਂਦਰ ਸਰਕਾਰ ਤੇ ਵੀ ਸਵਾਲ ਚੁੱਕ ਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਸਖਤ ਰੁੱਖ ਦੇ ਬਾਵਜੂਦ ਕੇਂਦਰ 12 ਸਾਲ ਤੋਂ ਕੋਈ ਫੈਸਲਾ ਨਹੀਂ ਕਰ ਸਕੀ ਹੈ।

SGPC ਵੀ ਜਥੇਦਾਰ ਤੋਂ ਨਰਾਜ਼

ਆਪ ਦੇ ਐੱਮਪੀ ਰਾਘਵ ਚੱਢਾ ਦੀ ਸਗਾਈ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਹੁੰਚਣ ਤੋਂ SGPC ਕਾਫੀ ਨਰਾਜ਼ ਸੀ,ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਤਾਂ ਖੁੱਲ ਕੇ ਇਸ ਦੇ ਖਿਲਾਫ ਬੋਲੇ ਸਨ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਸਵਾਲ ਚੁੱਕੇ ਸਨ। SGPC ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਸਨ । ਪਰ ਆਪਸੀ ਸਹਿਮਤੀ ਨਹੀਂ ਬਣੀ ਸੀ। 2 ਦਿਨ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਜਨਮ ਦਿਨ ਮੌਕੇ ਵੀ ਜਥੇਦਾਰ ਨੇ ਅਕਾਲੀ ਦਲ ਨੂੰ ਆਪਣੇ ਧਾਰਮਿਕ ਏਜੰਡੇ ‘ਤੇ ਆਉਣ ਦੀ ਨਸੀਹਤ ਦਿੱਤੀ ਸੀ ਅਤੇ ਹੁਣ ਬੀਬੀ ਕਮਲਦੀਪ ਕੌਰ ਦਾ ਬਿਆਨ ਆਉਣਾ ਕਿਧਰੇ ਨਾ ਕਿਧਰੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਨਵੇਂ ਸਿਰੇ ਤੋਂ ਘੇਰਨ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ ।

ਕਮਲਦੀਪ ਕੌਰ ਦਾ ਪੂਰਾ ਪੋਸਟ

ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਕੌਮ ਦੇ ਇਨਸਾਫ਼ ਅਤੇ ਮਾਨ-ਸਨਮਾਨ ਲਈ ਸ਼ੰਘਰਸ ਕਰਦੇ ਹੋਏ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਪਿਛਲੇ 16 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਆਪਣੇ ਕੇਸ ਦੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਮਾਰਚ 2012 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਕੀਤੀ ਗਈ ਅਪੀਲ ਪਿਛਲੇ 12 ਸਾਲਾਂ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਪਈ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ 12 ਸਾਲਾਂ ਤੋਂ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ। 2019 ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਤੇ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਜੋ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸਨੂੰ ਵੀ ਲਾਗੂ ਨਹੀਂ ਕੀਤਾ ਗਿਆ। ਇਸ ਅਪੀਲ ਤੇ ਹੀ ਫੈਸਲਾ ਲੈਣ ਲਈ ਵੀਰਜੀ ਰਾਜੋਆਣਾ ਜੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਕੋਰਟ ਵੱਲੋਂ ਇਸ ਅਪੀਲ ਤੇ ਫੈਸਲਾ ਕਰਨ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਆਰਡਰ ਕੀਤੇ ਗਏ, ਪਰ ਕੇਂਦਰ ਸਰਕਾਰ ਨੇ ਫਿਰ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕੀਤਾ। ਅਖੀਰ ਵਿੱਚ ਸੁਪਰੀਮ ਕੋਰਟ ਨੇ ਵੀ ਬੇਬੱਸ ਹੋ ਕੇ ਕੇਂਦਰ ਸਰਕਾਰ ਨੂੰ ਹੀ ਕਹਿ ਦਿੱਤਾ ਕਿ ਜਦੋਂ ਤੁਹਾਨੂੰ ਠੀਕ ਲੱਗੇ ਫੈਸਲਾ ਕਰ ਲੈਣਾ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਜੀ ਕੋਲ ਅਪੀਲ ਤੇ 12 ਸਾਲਾਂ ਤੱਕ ਫੈਸਲਾ ਹੀ ਨਾ ਕੀਤਾ ਜਾਵੇ। ਇਸ ਬੇਇਨਸਾਫੀ ਦੇ ਵਿਰੁੱਧ ਆਵਾਜ਼ ਚੁੱਕਣ ਲਈ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ 5 ਜੂਨ ਨੂੰ ਮਿਲੇ ਸੀ ਅਤੇ ਉਨ੍ਹਾਂ ਨੇ ਇਸ ਸਬੰਧੀ ਯਤਨ ਕਰਨ ਦਾ ਭਰੋਸਾ ਵੀ ਦਿੱਤਾ ਸੀ।

ਖਾਲਸਾ ਜੀ, 6 ਜੂਨ ਨੂੰ ਘੱਲੂਘਾਰਾ ਦਿਵਸ ਤੇ ਜਥੇਦਾਰ ਸਾਹਿਬਾਨ ਜੀ ਵੱਲੋਂ ਜੋ ਸ਼ੰਦੇਸ ਕੌਮ ਦੇ ਨਾਮ ਦਿੱਤਾ ਹੈ, ਉਸ ਵਿੱਚ ਉਨ੍ਹਾਂ ਕਿਹਾ ਹੈ ਕਿ ਸਾਨੂੰ ਸਰਕਾਰਾਂ ਤੋਂ ਝੋਲੀ ਅੱਡ ਕੇ ਇਨਸਾਫ਼ ਮੰਗਣ ਦੀ ਲੋੜ ਨਹੀਂ। ਸਿੰਘ ਸਾਹਿਬ ਜੀ ਹੁਣ ਜੇਕਰ ਅਸੀਂ ਸਰਕਾਰਾਂ ਤੋਂ ਇਨਸਾਫ਼ ਮੰਗਣਾ ਹੀ ਨਹੀਂ ਤਾਂ ਇਹ ਬਹੁਤ ਜਰੂਰੀ ਹੈ ਕਿ ਇਨਸਾਫ ਲਈ ਕਿਤੇ ਵੀ ਕੋਈ ਅਪੀਲ ਨਾ ਕੀਤੀ ਜਾਵੇ । ਇਸ ਲਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਜਾਰੀ ਕਰ ਦੇਵੋ ਕਿ 2012 ਵਿੱਚ ਆਪਣੀ ਕੀਤੀ ਹੋਈ ਅਪੀਲ ਨੂੰ ਵਾਪਸ ਲੈ ਲਿਆ ਜਾਵੇ। ਕਿਉਂਕਿ ਤੁਸੀਂ ਕਿਹਾ ਹੈ ਸਰਕਾਰਾਂ ਤੋ ਇਨਸਾਫ਼ ਮੰਗਣ ਦੀ ਲੋੜ ਨਹੀਂ ਹੈ। ਇਸ ਲਈ ਵੀਰਜੀ ਰਾਜੋਆਣਾ ਜੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਕੌਮ ਲਈ ਇਨਸਾਫ਼ ਮੰਗਣਾ ਹੀ ਨਹੀਂ ਹੈ ਤਾਂ ਹੁਕਮਰਾਨਾਂ ਦੀਆਂ ਵਿਆਹ ਸ਼ਾਦੀਆਂ ਵਿੱਚ ਜਾ ਕੇ ਲੱਡੂ ਖਾਉ, ਭੰਗੜੇ ਪਾਉ , ਜੈੱਡ ਸੁਰੱਖਿਆ ਲੈ ਕੇ ਆਨੰਦ ਲਵੋ।