ਪੰਜਾਬੀ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲੱਗਣ ਨਾਲ ਬਲੁੰਦੀ ਦੇ ਝੰਡੇ ਲਹਿਰਾ ਰਹੇ ਹਨ। ਹੁਣ ਇਸ ਸੂਚੀ ਵਿੱਚ ਦਸਤਾਰਧਾਰੀ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਹੋ ਗਿਆ। ਪੰਜਾਬੀ ਮੂਲ ਦੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਵਿੱਚ ਢਿੱਲੋਂ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਹਨ, ਜਿਹੜੇ ਵਰਕ ਸੇਫ਼ ਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਚੇਅਰ ਨਿਯੁਕਤ ਹੋਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਉਹ ਇਹ ਟਾਪ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਬਣ ਗਏ ਹਨ।
ਉਹ ਤਿੰਨ ਸਾਲ ਇਸ ਅਹਿਮ ਅਹੁਦੇ ’ਤੇ ਰਹਿਣਗੇ। ‘ਵਰਕਸੇਫ’ ਸੂਬੇ ਦੇ ਹਰ ਤਰ੍ਹਾਂ ਦੇ ਕਾਮਿਆਂ ਦੀਆਂ ਕੰਮ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਪ੍ਰਬੰਧ ਠੀਕ ਹੋਣਾ ਯਕੀਨੀ ਬਣਾਉਂਦਾ ਹੈ ਅਤੇ ਕਿਸੇ ਹਾਦਸੇ ਦੀ ਹਾਲਤ ਵਿਚ ਕਾਮੇ ਦੇ ਅੰਗਹੀਣ ਹੋਣ ਕਾਰਨ ਉਸ ਦੇ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰਦਾ ਹੈ। ਬਲਤੇਜ ਸਿੰਘ ਢਿੱਲੋਂ ਦੇ ਵਰਕਸੇਫ ਬੀਸੀ ਦੇ ਡਾਇਰੈਕਟਰ ਬਣਨ ਨਾਲ ਇਸ ਅਹੁਦੇ ਉਤੇ ਪਹਿਲੀ ਵਾਰ ਕਿਸੇ ਦੱਖਣ ਏਸ਼ਿਆਈ ਮੂਲ ਦੇ ਵਿਅਕਤੀ ਦੀ ਨਿਯੁਕਤੀ ਹੋਈ ਹੈ।
ਉਹ ਜੂਨ 2026 ਤੱਕ ਇਸ ਅਹੁਦੇ ’ਤੇ ਰਹਿਣਗੇ, ਜਿਸ ਵਿਚ ਮੁੜ ਵਾਧਾ ਵਿਅਕਤੀ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਮਰਜ਼ੀ ਉਤੇ ਨਿਰਭਰ ਕਰੇਗਾ। ਬਲਤੇਜ ਢਿੱਲੋਂ 2017 ਤੋਂ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ ਅਤੇ ਚੇਅਰ ਵਜੋਂ ਉਹ ਜੈੱਫ ਪੈਰ ਦੀ ਥਾਂ ਲੈਣਗੇ। ਵਰਕਸੇਫਬੀਸੀ ਇਕ ਪ੍ਰੋਵਿੰਸ਼ੀਅਲ ਏਜੰਸੀ ਹੈ ਜੋ ਪ੍ਰੋਵਿੰਸ ਵਿੱਚ ਕੰਮ ਵਾਲੀਆਂ ਥਾਵਾਂ ਉੱਪਰ ਸੁਰੱਖਿਆ ਯਕੀਨੀ ਬਣਾਉਂਦੀ ਹੈ I ਵਰਕਸੇਫਬੀਸੀ ਵੱਲੋਂ ਜ਼ਖਮੀ ਕਰਮਚਾਰੀਆਂ ਲਈ ਸਿੱਖਿਆ, ਰੋਕਥਾਮ, ਮੁਆਵਜ਼ਾ ਅਤੇ ਬੀਮਾ ਆਦਿ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਇਸ ਨਿਯੁਕਤੀ ਬਾਰੇ ਬੋਲਦਿਆਂ , ਬੀਸੀ ਦੇ ਲੇਬਰ ਮਨਿਸਟਰ ਹੈਰੀ ਬੈਂਸ ਨੇ ਕਿਹਾ ਬਲਤੇਜ ਢਿੱਲੋਂ ਇੱਕ ਅਨੁਭਵੀ ਪੁਲਿਸ ਅਧਿਕਾਰੀ ਹਨ ਜਿੰਨ੍ਹਾਂ ਕੋਲ ਕਾਨੂੰਨ ਲਾਗੂ ਕਰਨ ਵਿੱਚ ਮੁਹਾਰਤ ਹਾਸਿਲ ਹੈ ਅਤੇ ਵਰਕਸੇਫਬੀਸੀ ਵਿੱਚ ਇੱਕ ਡਾਇਰੈਕਟਰ ਵਜੋਂ ਛੇ ਸਾਲਾਂ ਦਾ ਤਜਰਬਾ ਰੱਖਦੇ ਹਨ।
ਹੈਰੀ ਬੈਂਸ ਨੇ ਕਿਹਾ ਉਹ ਕੰਮ ਵਾਲੀ ਥਾਂ ‘ਤੇ ਹੋਣ ਵਾਲੀਆਂ ਗੰਭੀਰ ਘਟਨਾਵਾਂ ਦੀ ਜਾਂਚ ਕਰਨ ਲਈ ਵਰਕਸੇਫਬੀਸੀ ਵੱਲੋਂ ਅਹਿਮ ਭੂਮਿਕਾ ਨਿਭਾਉਣਗੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ
ਵਾਪਰਨ ਤੋਂ ਰੋਕਿਆ ਜਾ ਸਕੇ।ਬਲਤੇਜ ਢਿੱਲੋਂ ਨੇ ਅਗਸਤ 1990 ਦੌਰਾਨ ਪਹਿਲੇ ਦਸਤਾਰਧਾਰੀ ਵਿਅਕਤੀ ਦੇ ਤੌਰ ‘ਤੇ ਨੌਕਰੀ ਸ਼ੁਰੂ ਕੀਤੀ ਅਤੇ ਆਰਸੀਐਮਪੀ ਵਿੱਚ 30 ਸਾਲ ਸੇਵਾਵਾਂ ਨਿਭਾਈਆਂ।