ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਮਾਤਾ ਚਰਨ ਕੌਰ ਨੇ ਅੱਜ ਆਪਣੇ ਘਰ ਮਿਲਣ ਲਈ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਇੱਕ ਮੁਹਿੰਮ ਚਲਾਈ ਜਾਵੇਗੀ।
ਜਿਸ ਦੇ ਤਹਿਤ ਹਰ ਆਉਣ ਵਾਲੇ ਵਿਅਕਤੀ ਕੋਲੋਂ ਰਜਿਸਟਰ ਤੇ ਉਸ ਦੇ ਵਿਚਾਰ ਲਏ ਜਾਣਗੇ,ਉਹਨਾਂ ਨੂੰ ਸਿੱਧੂ ਪ੍ਰਤੀ ਆਪਣੀਆਂ ਭਾਵਨਾਵਾਂ ਇਸ ਰਜਿਸਟਰ ਤੇ ਸਾਂਝੀਆਂ ਕਰਨ ਲਈ ਕਿਹਾ ਜਾਵੇਗਾ ਤੇ ਫਿਰ ਇਹ ਰਜਿਸਟਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
ਇਸ ਮੌਕੇ ਦੌਰਾਨ ਮਾਤਾ ਚਰਨ ਕੌਰ ਨੇ ਭਾਵੁਕ ਹੁੰਦੇ ਹੋਏ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮੌਤ ਵੇਲੇ ਦੀ ਤਸਵੀਰ ਨੂੰ ਕਿਤੇ ਵੀ ਨਾ ਵਰਤਿਆ ਜਾਵੇ,ਇਸ ਨਾਲ ਉਹਨਾਂ ਦਾ ਦਿਲ ਦੁੱਖੀ ਹੁੰਦਾ ਹੈ । ਉਹਨਾਂ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਕੁਝ ਗਾਇਕਾਂ ਵਲੋਂ ਵੀਡੀਓ ਬਣਾਉਣ ਵੇਲੇ ਸਿੱਧੂ ਦੀ ਉਸ ਤਸਵੀਰ ਨੂੰ ਵਰਤਿਆ ਜਾ ਰਿਹਾ ਹੈ।
ਜਿਸ ਵਿੱਚ ਮੌਤ ਤੋਂ ਬਾਅਦ ਉਸ ਦੇ ਬਾਲ ਖਿਲਰ ਕੇ ਉਸ ਦੇ ਗਲ ਪਏ ਹੋਏ ਹਨ। ਅਦਿਹਾ ਨਾ ਕੀਤਾ ਜਾਵੇ ,ਨਹੀਂ ਤਾਂ ਫਿਰ ਉਹ ਸਖਤ ਕਦਮ ਚੁੱਕਣਗੇ।ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਅੱਗੇ ਵੱਧਣਾ ਹੈ ਤਾਂ ਉਹ ਆਪਣੇ ਦਮ ਤੇ ਅੱਗੇ ਵੱਧਣ ਨਾ ਕਿ ਸਿੱਧੂ ਦੀ ਤਸਵੀਰ ਨੂੰ ਆਪਣੇ ਫਾਇਦੇ ਲਈ ਵਰਤ ਕੇ।
ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਇਹ ਦੇਸ਼ ਉਹਨਾਂ ਦਾ ਵੀ ਹੈ ਤੇ ਉਹ ਕਦੇ ਵੀ ਇਹ ਮੁਲਕ ਛੱਡ ਕੇ ਨਹੀਂ ਜਾਣਗੇ। ਉਹਨਾਂ ਮਿਲਣ ਆਏ ਲੋਕਾਂ ਦਾ ਵੀ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਸਿੱਧੂ ਨੂੰ ਇਨਸਾਫ਼ ਦੇਣ ਲਈ ਸਾਰੇ ਉਹਨਾਂ ਦੇ ਸਾਥ ਦੇਣ।
ਇਸ ਮੌਕੇ ਤੇ ਸਿੱਧੂ ਦੇ ਮਾਤਾਪਿਤਾ ਨੂੰ ਮਿਲਣ ਆਈਆਂ ਦੋ ਬੱਚੀਆਂ ਨੇ ਉਸ ਦੇ ਗਾਣੇ ਗਾ ਕੇ ਸਿੱਧੂ ਨੂੰ ਯਾਦ ਕੀਤਾ ਤੇ ਮਾਹੌਲ ਨੂੰ ਥੋੜਾ ਭਾਵੁਕ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹਰ ਐਤਵਾਰ ਨੂੰ ਕਾਫੀ ਗਿਣਤੀ ਵਿੱਚ ਲੋਕ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਆਉਂਦੇ ਹਨ ਤੇ ਉਸ ਨੂੰ ਯਾਦ ਕਰਦੇ ਹਨ ਤੇ ਹਾਲੇ ਤੱਕ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ।