The Khalas Tv Blog Punjab ਲਾਰੇਂਸ ਇੰਟਰਵਿਊ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ
Punjab

ਲਾਰੇਂਸ ਇੰਟਰਵਿਊ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨਾਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਇੱਕ ਗੈਂਗਸਟਰ ਦੇ ਗੈਰ ਕਾਨੂੰਨੀ ਇੰਟਰਵਿਊ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਪੰਜਾਬ ਸਰਕਾਰ ਨੇ ਹੁਣ ਇੱਕ ਸੇਵਾਮੁਕਤ ਜੱਜ ਦੁਆਰਾ ਜਾਂਚ ਦਾ ਪ੍ਰਸਤਾਵ ਦਿੱਤਾ ਹੈ। ਜਦੋਂ ਹਾਈਕੋਰਟ ਪਹਿਲਾਂ ਹੀ ਐਸਆਈਟੀ ਦੇ ਹੁਕਮਾਂ ਦੀ ਜਾਂਚ ਦੀ ਨਿਗਰਾਨੀ ਕਰ ਰਹੀ ਹੈ।

ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ  ਮਾਣਯੋਗ ਹਾਈਕੋਰਟ ਵਿੱਚ ਗੈਂਗਸਟਰ ਦੀਆਂ ਗੈਰ-ਕਾਨੂੰਨੀ ਇੰਟਰਵਿਊਆਂ ਦੇ ਮਾਮਲੇ ਵਿੱਚ ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਬਕਾ ਜੱਜ ਕੋਲੋਂ ਪੜਤਾਲ ਕਰਵਾਉਣ ਦੀ ਗੱਲ ਕੀਤੀ ਹੈ। ਇਹ ਸਾਬਿਤ ਕਰਦਾ ਹੈ ਕਿ DGP ਸਮੇਤ ਵੱਡੇ ਅਧਿਕਾਰੀ ਡੇਢ ਸਾਲ ਵਿੱਚ ਇਸ ਇੰਟਰਵਿਊ ਪਿਛਲੀ ਸਾਜ਼ਿਸ਼ ਸਾਹਮਣੇ ਲਿਆਉਣ ਵਿੱਚ ਅਸਫ਼ਲ ਹੋਏ ਜਾਂ ਓਹ ਵੱਡੀ ਸਾਜ਼ਿਸ਼ ਨੂੰ ਲੁਕੋ ਰਹੇ ਹਨ।

ਬਲਕੌਰ ਸਿੰਘ ਨੇ ਕਿਹਾ ਕਿ ਡੇਢ ਸਾਲ ਤੋਂ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਦੀ ਅਗਵਾਈ ਵਾਲਾ ਗ੍ਰਹਿ ਵਿਭਾਗ ਚੁੱਪ ਹੈ, ਕਿਸ ਤਰ੍ਹਾਂ ਸੰਭਵ ਹੈ ਕਿ ਖਰੜ ਵਿਖੇ ਕਰਵਾਈ ਗਈ ਇੰਟਰਵਿਊ ਬਾਰੇ ਓਹਨਾਂ ਕੋਲ ਜਾਣਕਾਰੀਆਂ ਨਾ ਹੋਣ? ਇਸ ਤੋਂ ਪਤਾ ਲਗਦਾ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਵਾਲਾ ਗ੍ਰਹਿ ਵਿਭਾਗ ਜਾਣ ਬੁੱਝ ਕੇ ਸਭ ਲੁਕੋ ਰਿਹਾ ਹੈ ਅਤੇ ਇਸ ਸਭ ਦੇ ਪਿੱਛੇ ਹੋਰ ਵੀ ਵੱਡੀ ਤਾਕਤ ਹੈ, ਬਾਕੀ ਸਭ ਬਲੀ ਦੇ ਬੱਕਰੇ ਹਨ।

ਅਗਲੀ ਪੇਸ਼ੀ ‘ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਮਾਰਚ 2023 ਵਿੱਚ (ਇੰਟਰਵਿਊ ਦੇ ਤੁਰੰਤ ਬਾਅਦ) DGP ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੀ ਟਰਾਂਸਕ੍ਰਿਪਟ ਨੂੰ ਵੀ ਪੇਸ਼ ਕਰਨ ਲਈ ਕਿਹਾ ਹੈ। ਨਾਲ ਹੀ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਵੀ ਹਾਜ਼ਿਰ ਹੋਣ ਦਾ ਹੁਕਮ ਦਿੱਤਾ ਹੈ।

ਇਸ ਸਾਜ਼ਿਸ਼ ਪਿਛਲੇ ਹਰ ਪਹਿਲੂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ, ਜਿਸ ਸਾਜ਼ਿਸ਼ ਨਾਲ ਇੱਕ ਗੈਂਗਸਟਰ ਨੂੰ ਹੀਰੋ ਬਣਾਉਣ ਤੋਂ ਲੈਕੇ ਫ਼ਿਰੌਤੀਆਂ ਦੇ ਕਾਰੋਬਾਰ ਨੂੰ ਵੱਡਾ ਕਰਨ ਦਾ ਕੰਮ ਕੀਤਾ ਗਿਆ ਹੈ।

 

Exit mobile version