Lok Sabha Election 2024 Punjab

ਸੰਗਰੂਰ ਮੁੜ ਮੂਸੇਵਾਲਾ ਦੇ ਇਨਸਾਫ ਲਈ ਕਰੇਗਾ ਵੋਟ? ਖਹਿਰਾ ਦੇ ਹੱਕ ‘ਚ ਪਿਤਾ ਬਲਕੌਰ ਸਿੰਘ ਦੀ ਵੱਡੀ ਅਪੀਲ

ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (Sidhu Moosawala) ਦੇ ਪਿਤਾ ਬਲਕੌਰ ਸਿੰਘ (Balkaur singh) ਨੇ ਸੰਗਰੂਰ ਦੀ ਹਾਈ ਪ੍ਰੋਫਾਈਲ ਸੀਟ ‘ਤੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal singh Khaira ) ਦੇ ਲਈ ਪ੍ਰਚਾਰ ਕੀਤਾ। ਇਸ ਸੀਟ ‘ਤੇ ਮੂਸੇਵਾਲਾ ਦੇ ਫੈਨਸ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ 2022 ਵਿੱਚ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਸੀ। ਜਦਕਿ 2 ਮਹੀਨੇ ਪਹਿਲਾ ਸੰਗਰੂਰ ਅਧੀਨ ਆਉਣ ਵਾਲੀ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਪਾਰਟੀ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ। ਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲੋਕਾਂ ਦੀ ਨਰਾਜ਼ਗੀ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ 5 ਹਜ਼ਾਰ ਵੋਟਾਂ ਦੇ ਫਰਕ ਦੇ ਨਾਲ 20 ਸਾਲ ਤੋਂ ਇੱਕ ਵੀ ਚੋਣ ਨਾ ਜਿੱਤ ਸਕੇ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਈ ਸੀ।

ਸੰਗਰੂਰ ਵਿੱਚ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੇਰਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਹੈ। ਉਨ੍ਹਾਂ ਦੇ ਪੁੱਤਰ ਨੇ ਕਾਂਗਰਸ ਤੋਂ ਚੋਣ ਲੜੀ ਸੀ। ਬਲਕੌਰ ਸਿੰਘ ਨੇ ਕਿਹਾ ਮੈਂ ਕਾਂਗਰਸ ਦੇ ਉਨ੍ਹਾਂ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਿਹਾ ਹਾਂ ਜਿੰਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਦੀ ਅਵਾਜ਼ ਚੁੱਕਣਗੇ। ਇਸ ਤੋਂ ਪਹਿਲਾਂ ਬਲਕੌਰ ਸਿੰਘ ਲੁਧਿਆਣਾ ਵਿੱਚ ਰਾਜਾ ਵੜਿੰਗ ਅਤੇ ਬਠਿੰਡਾ ਵਿੱਚ ਜੀਤ ਮਹਿੰਦਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਸਨ।

ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤਰ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰੀ ਹੈ। ਉਸ ਦੀ ਸੁਰੱਖਿਆ ਲੀਕ ਕਰਨ ਦੇ ਕਾਰਨ ਪੁੱਤਰ ਦਾ ਕਤਲ ਹੋਇਆ। ਪਰ ਸਰਕਾਰ ਹੁਣ ਤੱਕ ਕੁਝ ਨਹੀਂ ਬੋਲ ਰਹੀ ਹੈ, ਪਿਤਾ ਨੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਅਪੀਲ ਕੀਤੀ ਕਿ ਉਹ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣ। ਖਹਿਰਾ ਨੇ ਬਲਕੌਰ ਸਿੰਘ ਦਾ ਚੋਣਾਂ ਵਿੱਚ ਸਾਥ ਦੇਣ ‘ਤੇ ਧੰਨਵਾਦ ਕੀਤਾ ਅਤੇ ਨਾਲ ਹੀ ਮੂਸੇਵਾਲਾ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਵਾਟਰ ਸੈੱਸ ਵਸੂਲਣ ਦਾ ਨੋਟਿਫਿਕੇਸ਼ਨ ਜਾਰੀ ਕੀਤਾ ਹੈ ।

17 ਫੀਸਦੀ ਕਿਸਾਨਾਂ ਤੱਕ ਹੀ ਪਹੁੰਚਿਆ ਹੈ ਨਹਿਰੀ ਪਾਣੀ

14 ਮਈ ਨੂੰ ਜਾਰੀ ਨੋਟਿਫਿਕੇਸ਼ਨ ਦੇ ਜ਼ਰੀਏ ਸੂਬਾ ਸਰਕਾਰ ਨੇ 326 ਕਰੋੜ ਰੁਪਏ ਵਸੂਲਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ 17 ਫੀਸਦੀ ਖੇਤਾਂ ਵਿੱਚ ਹੀ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪਰ ਪੰਜਾਬ ਸਰਕਾਰ ਨਹਿਰੀ ਵਿਭਾਗ ਦੇ ਪਟਵਾਰਿਆਂ ‘ਤੇ ਦਬਾਅ ਪਾ ਕੇ 100 ਫੀਸਦੀ ਖੇਤਾਂ ਤੱਕ ਪਾਣੀ ਪਹੁੰਚਾਣ ਦੇ ਝੂਠੇ ਅੰਕੜੇ ਬਣਾਉਣਾ ਚਾਹੁੰਦੀ ਹੈ। ਅਜਿਹਾ ਕਰਕੇ ਸਰਕਾਰ SYL ਨੂੰ ਲੈਕੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਕਮਜ਼ੋਰ ਕਰ ਰਹੀ ਹੈ। ਕਿਸਾਨ ਆਗੂਆਂ ਨੂੰ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ  – ਰਿਸ਼ਤੇ ਹੋਏ ਤਾਰ-ਤਾਰ, ਪਤੀ ਨੇ ਕੀਤਾ ਪਤਨੀ ਦਾ ਕਤਲ