ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਲਜੀਤ ਸਿੰਘ ਦਾਦੂਵਾਲ ਨੇ ਅਸਤੀਫਾ ਦੇ ਦਿੱਤਾ ਹੈ । ਪਰ ਨਵੇਂ ਪ੍ਰਧਾਨ ਦੀ ਚੋਣ ਤੱਕ ਉਹ ਆਪਣੇ ਅਹੁਦੇ ‘ਤੇ ਬਣੇ ਰਹਿਣਗੇ । ਦਰਾਸਲ ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ 38 ਮੈਂਬਰਾਂ ਦੀ ਐਡਹੌਕ ਕਮੇਟੀ ਦਾ ਗਠਨ ਕੀਤਾ ਸੀ । ਜੋ ਨਵੇਂ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਕਰੇਗੀ । ਦਾਦੂਵਾਲ ਨੇ ਦੱਸਿਆ ਕਿ ਉਹ ਨਵੇਂ ਮੈਂਬਰਾਂ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਦਾ ਖੱਟਰ ਦਾ ਧੰਨਵਾਦ ਕਰਨ ਗਏ ਸਨ ਜਿੱਥੇ ਫੈਸਲਾ ਹੋਇਆ ਹੈ ਕਿ 21 ਦਸੰਬਰ ਨੂੰ ਨਵੇਂ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਹੋਵੇਗੀ । ਉਦੋਂ ਤੱਕ ਮੁੱਖ ਮੰਤਰੀ ਵੱਲੋਂ ਦਾਦੂਵਾਲ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਗਈ ਹੈ। ਜਦੋਂ ਦਾਦੂਵਾਲ ਨੂੰ ਮੁੜ ਤੋਂ ਕਮੇਟੀ ਦਾ ਪ੍ਰਧਾਨ ਬਣੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਾਫੀ ਕੁਝ ਦੱਸ ਦਿੱਤਾ।
ਬਲਜੀਤ ਸਿੰਘ ਦਾਦੂਵਾਲ 13 ਅਗਸਤ 2020 ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ । ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਮੈਂ ਪ੍ਰਧਾਨਗੀ ਦੇ ਲਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਸੀ ਪਰ ਸੰਗਤਾਂ ਅਤੇ 42 ਮੈਂਬਰਾਂ ਨੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ । ਜੇਕਰ ਇਸ ਵਾਰ ਵੀ 38 ਐਡਹੌਕ ਮੈਂਬਰ ਉਨ੍ਹਾਂ ਨੂੰ ਕਮੇਟੀ ਦੇ ਪ੍ਰਧਾਨ ਦੀ ਸੇਵਾ ਸੌਂਪਣੇ ਤਾਂ ਉਹ ਨਿਭਾਉਣ ਲਈ ਤਿਆਰ ਹਨ । ਸਾਫ ਹੈ ਕਿ ਬਲਜੀਤ ਸਿੰਘ ਦਾਦੂਵਾਲ ਮੁੜ ਤੋਂ ਪ੍ਰਧਾਨ ਬਣਨ ਜਾ ਰਹੇ ਹਨ । ਜਗਦੀਸ਼ ਸਿੰਘ ਝੀਂਡਾ ਦੀ ਅਕਾਲੀ ਦਲ ਦੇ ਨਾਲ ਨਜ਼ਦੀਕੀਆਂ ਹੋਣ ਦੀ ਵਜ੍ਹਾ ਕਰਕੇ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਕਾਫੀ ਨਜ਼ਦੀਕ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਸੇ ਨਜ਼ਦੀਕੀ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਮੁੜ ਤੋਂ ਪ੍ਰਧਾਨ ਬਣਨਾ ਤੈਅ ਮੰਨਿਆ ਜਾ ਰਿਹਾ ਹੈ । ਪਰ ਜੇਕਰ ਝੀਂਡਾ ਅਤੇ ਨਲਵੀ ਗਰੁੱਪ ਉਨ੍ਹਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਤਾਂ ਚੋਣਾਂ ਦਿਲਚਸਪ ਹੋ ਸਕਦੀਆਂ ਹਨ । 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ 2014 ਵਿੱਚ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਜ਼ੂਰੀ ਦਿੱਤੀ ਸੀ । ਜਿਸ ਤੋਂ ਬਾਅਦ ਹੁਣ ਕੁਰੂਸ਼ੇਤਰ ਦੇ DC 21 ਦਸੰਬਰ ਨੂੰ ਨਵੀਂ ਕਾਰਜਕਾਰਨੀ ਅਤੇ ਪ੍ਰਧਾਨ ਦੀ ਚੋਣ ਕਰਵਾਉਣਗੇ । ਗੁਰਦੁਆਰਾ ਐਕਟ ਮੁਤਾਬਿਕ HSGPC ਦਾ ਹੈਡਕੁਆਟਰ ਕੁਰੂਸ਼ੇਤਰ ਦੇ ਛੇਵੀਂ ਪਾਤਸ਼ਾਹੀ ਗੁਰਦੁਆਰੇ ਵਿੱਚ ਹੈ । ਇਸ ਲਈ ਉੱਥੇ ਹੀ ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਹੋਵੇਗੀ । ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 42 ਐਡਹੌਕ ਮੈਂਬਰ ਸਨ ਪਰ ਹੁਣ ਨਵੀਂ ਕਮੇਟੀ ਵਿੱਚ 38 ਮੈਂਬਰ ਹਨ । ਜਦੋਂ ਤੱਕ ਜਨਰਲ ਚੋਣਾਂ ਨਹੀਂ ਹੁੰਦੀਆਂ ਹਨ ਐਡਹੌਕ ਕਮੇਟੀ ਵੀ ਕੰਮ ਕਰਦੀ ਰਹੇਗੀ ।