ਬਿਊਰੋ ਰਿਪੋਰਟ : ਲੰਮੇ ਵਕਤ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਲਾਤਕਾਰੀ ਸੌਦਾ ਸਾਧ ‘ਤੇ ਵੱਡਾ ਹਮਲਾ ਕੀਤਾ ਹੈ। 40 ਦਿਨਾਂ ਲਈ ਪੇਅਰੋਲ ਤੋਂ ਬਾਹਰ ਆਉਣ ਤੋਂ ਬਾਅਦ ਆਨ ਲਾਈਨ ਸਮਾਗਮ ਚੱਲਾ ਰਹੇ ਸੌਦਾ ਸਾਧ ‘ਤੇ ਦਾਦੂਵਾਲ ਚੁੱਪ ਸਨ । ਪਰ ਹੁਣ ਉਨ੍ਹਾਂ ਨੇ ਕਾਤਲ ਸਾਧ ਤੋਂ ਮੁੰਡੇ ਦਾ ਅਸ਼ੀਰਵਾਦ ਲੈਣ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਨਸੀਅਤ ਦਿੱਤੀ ਹੈ। ਉਨ੍ਹਾਂ ਬਿਨਾਂ ਨਾਂ ਲਏ ਕਿਹਾ ਜਿਹੜੇ ਲੋਕ ਪੁੱਤ ਦੀ ਦਾਤ ਮੰਗਣ ਦੇ ਲਈ ਕਾਤਲ ਸੌਦਾ ਸਾਧ ਕੋਲ ਜਾ ਰਹੇ ਹਨ ਉਹ ਬੇਟੀ ਬਚਾਓ,ਬੇਟੀ ਪੜਾਓ ਦੇ ਨਾਅਰੇ ਨੂੰ ਨਜ਼ਰ ਅੰਦਾਜ ਕਰ ਰਹੇ ਹਨ । ਉਨ੍ਹਾਂ ਕਿਹਾ ਬਲਾਤਕਾਰੀ ਰਾਮ ਰਹੀਮ ਤਾਂ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਹੈ । ਉਨ੍ਹਾਂ ਦਾਅਵਾ ਕੀਤਾ ਕਿ ਸੌਦਾ ਸਾਧ ਨਾ ਤਾਂ ਕੋਈ ਬਾਬਾ ਹੈ,ਨਾ ਹੀ ਕੋਈ ਗੁਰੂ, ਉਹ ਤਾਂ ਸਿਰਫ਼ ਕਾਤਲ ਹੈ,ਕੁਕਰਮੀ ਅਤੇ ਬਲਾਤਕਾਰੀ ਹੈ । ਦਾਦੂਵਾਲ ਨੇ ਕਾਤਲ ਰਾਮ ਰਹੀਮ ਕੋਲ ਜਾਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਨਸੀਹਤ ਦਿੱਤੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਾਮ ਰਹੀਮ ਦੀ ਪੇਅਰੋਲ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਨਿਯਮਾਂ ਮੁਤਾਬਿਕ ਹੀ ਪੇਅਰੋਲ ਦਿੱਤੀ ਗਈ ਹੈ।
ਦਾਦੂਵਾਲ ਦੀ ਸਿਆਸੀ ਪਾਰਟੀਆਂ ਨੂੰ ਨਸੀਹਤ
ਸੌਦਾ ਸਾਧ ਨੂੰ ਮਿਲੀ 40 ਦਿਨ ਦੀ ਪੇਅਰੋਲ ਨੂੰ ਸ਼ੁਰੂ ਤੋਂ ਹੀ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਹ ਸ਼ੱਕ ਸਹੀ ਵੀ ਸਾਬਿਤ ਹੋਇਆ ਹੈ । ਕਾਤਲ ਰਾਮ ਰਹੀਮ ਜਦੋਂ ਤੋਂ ਬਾਹਰ ਆਕੇ ਆਨ ਲਾਈਨ ਸਮਾਗਮ ਕਰ ਰਿਹਾ ਹੈ ਉਸੇ ਦਿਨ ਤੋਂ ਸਿਆਸੀ ਪਾਰਟੀਆਂ ਦੇ ਆਗੂ ਉਸ ਤੋਂ ਵੋਟ ਦਾ ਅਸ਼ੀਰਵਾਦ ਮੰਗ ਰਹੇ ਹਨ। ਬਲਾਤਕਾਰੀ ਬਾਬਾ ਵੀ ਖੁੱਲੇਆਮ ਸਿਆਸੀ ਆਗੂਆਂ ਨੂੰ ਆਪਣੀ ਹਿਮਾਇਤ ਦੇ ਰਿਹਾ ਹੈ । ਕਰਨਾਲ ਦੀ ਮੇਅਰ ਤੋਂ ਲੈਕੇ ਹਿਮਾਚਲ ਸਰਕਾਰ ਦੇ ਕੈਬਨਿਟ ਮੰਤਰੀ ਕਾਤਲ ਸੌਦਾ ਸਾਧ ਤੋਂ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿਆਸੀ ਪਾਰਟੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਬਲਤਕਾਰੀ ਬਾਬੇ ਨੂੰ ਪਰਮੋਟ ਨਾ ਕਰਨ ਅਤੇ ਜਿਹੜੇ ਆਗੂ ਉੱਥੇ ਜਾ ਰਹੇ ਹਨ ਉਨ੍ਹਾਂ ‘ਤੇ ਲਗਾਮ ਵੀ ਲਗਾਉਣ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਰਾਮ ਰਹੀਮ ਨੂੰ ਸਮਾਗਮ ਕਰਨ ਦੀ ਅਜ਼ਾਦੀ ‘ਤੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੌਦਾ ਸਾਧ ਦੇ ਭਗਤ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ । ਪਰ ਉਨ੍ਹਾਂ ਨੇ ਸਾਫ਼ ਕਰ ਦਿੱਤਾ ਸੀ ਸੀ ਉਹ ਡਰਨ ਵਾਲੇ ਨਹੀਂ ਹਨ। ਉਧਰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਸੌਦਾ ਸਾਧ ਦੇ ਡੇਰੇ ਪਹੁੰਚਣ ‘ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਖ਼ਤ ਇਤਰਾਜ਼ ਜਤਾਇਆ ਸੀ ।
ਸੁਖਬਾਲ ਖਹਿਰਾ ਦਾ ਆਮ ਆਦਮੀ ਪਾਰਟੀ ਨੂੰ ਸਵਾਲ
ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਡੇਰਾ ਸਿਰਸਾ ਮੁਖੀ ਦੇ ਗੁਰੂ ਹਰਿਸਹਾਏ ਸਥਿਤ ਡੇਰਾ ’ਤੇ ਆਸ਼ੀਰਵਾਦ ਲੈਣ ਦੀ ਫੋਟੋ ਸਾਂਝੀ ਕੀਤੀ ਹੈ,ਖਹਿਰਾ ਨੇ ਲਿਖਿਆ ‘ਕੀ ਤੁਹਾਨੂੰ ਲੱਗ ਦਾ ਹੈ ਕਿ ਭਗਵੰਤ ਮਾਨ ਸਰਕਾਰ ਬੇਅਦਬੀ,ਬਹਿਬਲਕਲਾਂ ਦਾ ਇਨਸਾਫ਼ ਦੇਵੇਗੀ ? ਜਦੋਂ ਉਸ ਦੇ ਆਪਣੇ ਦਾਗ਼ੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਡੇਰਾ ਪ੍ਰੇਮਿਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ,ਉਨ੍ਹਾਂ ਦੇ ਕਿਹਾ ਬਦਲਾਅ ਦੇ ਵਾਅਦੇ ਵਾਂਗ ਇਨਸਾਫ਼ ਦੇਣ ਦਾ ਭਰੋਸਾ ਵੀ ਫਰਜ਼ੀ ਹੈ’। ਹਾਲਾਂਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਉਹ ਨਾਂ ਤਾਂ ਗੁਰਮੀਤ ਰਾਮ ਰਹੀਮ ਨੂੰ ਬਾਬਾ ਮੰਨਦੇ ਅਤੇ ਨਾ ਹੀ ਉਸ ਦਾ ਇੱਥੇ ਕੋਈ ਡੇਰਾ ਖੁੱਲ੍ਹੇਗਾ।