Punjab

‘ਜਗਤਾਰ ਸਿੰਘ ਹਵਾਰਾ ਦੇ ਚਿਹਰੇ ‘ਤੇ ਨੂਰ,ਦਾਦੂਵਾਲ ਸਾਹਿਬ ਤੁਸੀਂ ਇਸ ਰੂਪ ‘ਚ ਨਹੀਂ ਮਨਜ਼ੂਰ’!

Baljeet singh daduwal face protest in sikh prisoner morcha

ਬਿਊਰੋ ਰਿਪੋਰਟ : 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਮੋਰਚਾ ਸ਼ੁਰੂ ਕੀਤਾ ਸੀ । ਇਸ ਮੋਰਚੇ ਵਿੱਚ ਇੱਕ ਹਫਤੇ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹੋਏ । ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈਕੇ ਵੱਡਾ ਵਿਵਾਦ ਖੜਾ ਹੋ ਗਿਆ । ਹਵਾਰਾ ਕਮੇਟੀ ਦੇ ਮੈਂਬਰ ਅਤੇ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਦਾਦੂਵਾਲ ਨੂੰ ਕਿਹਾ ਕਿ ਜਿਸ ਰੂਪ ਵਿੱਚ ਤੁਸੀਂ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋ ਉਹ ਸਾਨੂੰ ਕਬੂਲ ਨਹੀਂ ਹੈ । ਤੁਸੀਂ ਕਹਿ ਰਹੇ ਹੋ ਮੈਂ ਇਸ ਮੋਚਰੇ ਨੂੰ ਹਮਾਇਤ ਦਿੰਦਾ ਹਾਂ। ਸਾਨੂੰ ਤੁਹਾਡਾ ਇਹ ਰੋਲ ਨਹੀਂ ਚਾਹੀਦਾ ਹੈ । ਤੁਹਾਨੂੰ 2015 ਵਿੱਚ ਸਿੱਖ ਸੰਗਤ ਨੇ ਸਰਬਤ ਖਾਲਸਾ ਸੱਦ ਕੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਸੀ । ਪਰ ਤੁਸੀਂ ਉਸ ਤੋਂ ਅਸਤੀਫਾ ਦੇ ਦਿੱਤਾ । ਹੁਣ ਤੁਸੀਂ ਆਪਣਾ ਅਸਤੀਫਾ ਵਾਪਸ ਲਿਓ ਅਤੇ ਇਸ ਅੰਦੋਲਨ ਨਾਲ ਪੂਰੀ ਤਰ੍ਹਾਂ ਜੁੜੋਂ। ਤੁਸੀਂ ਸਿੱਖ ਪੰਥ ਦੇ ਜਥੇਦਾਰ ਵਾਂਗ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਲਈ ਮੋਰਚੇ ਬੰਦੀ ਕਰੋ । ਸਿਰਫ਼ ਬਾਹਰੋ ਹਮਾਇਤ ਨਹੀਂ ਚਾਹੀਦੀ ਹੈ। ਪੰਡਾਲ ਦੇ ਅੰਦਰ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਉਨ੍ਹਾਂ ਨੂੰ ਮੋਰਚੇ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਕਹਿ ਰਹੇ ਸਨ ਤਾਂ ਬਾਹਰ ਦਾਦੂਵਾਲ ਖਿਲਾਫ਼ ਨੌਜਵਾਨ ਨਾਅਰੇ ਲਾ ਰਹੇ ਸਨ ।

ਨੌਜਵਾਨਾਂ ਨੇ ਦਾਦੂਵਾਲ ਨੂੰ ਗੱਦਾਰ ਦੱਸਿਆ

ਮੋਰਚੇ ਵਿੱਚ ਸ਼ਾਮਲ ਨੌਜਵਾਨਾਂ ਨੇ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ਼ ਨਾਅਰੇ ਲਾਉਂਦੇ ਹੋਏ ਉਨ੍ਹਾਂ ਨੂੰ ਪੰਥ ਦਾ ਗੱਦਾਰ ਤੱਕ ਕਹਿ ਦਿੱਤਾ । ਉਨ੍ਹਾਂ ਸਵਾਲ ਕੀਤਾ ਬਰਗਾੜੀ ਮੋਰਚੇ ਨੂੰ ਫਤਿਹ ਕਰਨ ਤੋਂ ਪਹਿਲਾਂ ਦਾਦੂਵਾਲ ਨੇ ਆਖਿਰ ਕਿਉਂ ਮੋਰਚਾ ਖਤਮ ਕਰ ਦਿੱਤਾ ਸੀ ? ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਦਾਦੂਵਾਲ ਨੇ ਸਿੱਖ ਭਾਵਨਾਵਾਂ ਨੂੰ ਆਪਣਾ ਕੱਦ ਉੱਚਾ ਕਰਨ ਦੇ ਲਈ ਵਰਤਿਆ । ਸਿਰਫ਼ ਇੰਨਾਂ ਹੀ ਨਹੀਂ ਗੁੱਸੇ ਵਿੱਚ ਨੌਜਵਾਨਾ ਨੇ ਰਾਧਾ ਸੁਆਮੀ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋ ਅਤੇ ਬਲਜੀਤ ਸਿੰਘ ਦਾਦੂਵਾਲਾ ਦੀਆਂ ਨਜ਼ਦੀਕੀਆਂ ਨੂੰ ਲੈਕੇ ਵੀ ਸਵਾਲ ਚੁੱਕੇ । ਉਨ੍ਹਾਂ ਕਿਹਾ ਦਾਦੂਵਾਲ ਉਨ੍ਹਾਂ ਲੋਕਾਂ ਨਾਲ ਮਿਲ ਦੇ ਹਨ ਜੋ ਸਿੱਖ ਪੰਥ ਦੀ ਸੋਚ ਅਤੇ ਮਰਿਆਦਾ ਦੇ ਉਲਟ ਹਨ । ਉਹ ਦੇਹਧਾਰੀ ਗੁਰੂ ਨੂੰ ਪਰਮੋਟ ਕਰ ਰਹੇ ਹਨ । ਕੁਝ ਨੌਜਵਾਨਾਂ ਨੇ ਕਿਹਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਕਰਨ ਦੇ ਲਈ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਦੋ ਫਾੜ ਕਰ ਦਿੱਤਾ । ਨੌਜਵਾਨਾਂ ਨੇ ਕਿਹਾ ਕਿ ਦਾਦੂਵਾਲ ਨੇ ਹਰਿਆਣਾ ਦੀ ਖੱਟਰ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਤੋੜਨ ਦਾ ਕੰਮ ਕੀਤਾ ਹੈ ਜੋੜ ਦਾ ਨਹੀਂ । ਅਸੀਂ ਮੁੜ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਜਥੇਦਾਰ ਵਜੋਂ ਨਹੀਂ ਪ੍ਰਵਾਨ ਕਰ ਸਕਦੇ ਹਨ ।

ਅਮਰ ਸਿੰਘ ਨੇ ਹਵਾਰਾ ਦੀ ਜੇਲ੍ਹ ਚਿੱਠੀਆਂ ਬਾਰੇ ਦੱਸਿਆ

ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਵੀ ਉਹ ਹਵਾਰਾ ਨਾਲ ਮੁਲਾਕਾਤ ਕਰਦੇ ਹਨ ਉਨ੍ਹਾਂ ਨੂੰ ਤਾਕਤ ਮਿਲ ਦੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ੍ਹ ਚਿੱਠੀਆਂ ਵਿੱਚ ਉਨ੍ਹਾਂ ਦੇ ਸੰਘਰਸ਼ ਨਜ਼ਰ ਆਉਂਦਾ ਹੈ ਉਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦੀ ਵੀ ਜੇਲ੍ਹ ਚਿੱਠੀਆਂ ਪੜਨੀ ਚਾਹੀਦੀਆਂ ਹਨ । ਅਮਰ ਸਿੰਘ ਚਾਹਲ ਨੇ ਦੱਸਿਆ ਕਿ ਕੁਝ ਚਿੱਠੀਆਂ ਉਨ੍ਹਾਂ ਕੋਲ ਹਨ ਕੁਝ ਹਵਾਰਾ ਦੇ ਪਿਤਾ ਜੀ ਕੋਲ। ਜੇਕਰ ਮੌਕਾ ਮਿਲਿਆ ਤਾਂ ਇੰਨਾਂ ਚਿੱਠੀਆਂ ਨੂੰ ਇੱਕ ਕਿਤਾਬ ਦਾ ਰੂਪ ਦੇਵਾਂਗਾ ਤਾਂ ਸਿੱਖ ਸੰਗਤ ਨੂੰ ਪਤਾ ਚੱਲ ਜਾਵੇਗਾ ਕਿ ਜੇਲ੍ਹ ਵਿੱਚ 30 ਸਾਲ ਗੁਜ਼ਾਰਨ ਦੇ ਬਾਅਦ ਵੀ ਹਵਾਰਾ ਦੇ ਚਿਹਰੇ ‘ਤੇ ਨੂਰ ਹੈ ਅਤੇ ਪੰਥ ਦੇ ਲਈ ਦਰਦ ।