HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵਿਨੋਦ ਘਈ ਨੂੰ ਹਟਾਉਣ ਦੀ ਕੀਤੀ ਮੰਗ
‘ਦ ਖ਼ਾਲਸ ਬਿਊਰੋ :- 9 ਮਹੀਨੇ ਦੇ ਅੰਦਰ ਪੰਜਾਬ ਨੂੰ ਮਿਲੇ 5ਵੇਂ ਐਡਵੋਕੇਟ ਜਨਰਲ ਵਿਨੋਦ ਘਈ ਵੀ ਵਿਵਾਦਾਂ ਵਿੱਚ ਘਿਰ ਦੇ ਹੋਏ ਨਜ਼ਰ ਆ ਰਹੇ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵਿਨੋਦ ਘਈ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਦਾਦੂਵਾਲ ਨੇ ਕਿਹਾ ਕਿ ਵਿਨੋਦ ਘਈ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਕੇਸ ਬੇਅਦਬੀ ਮਾਮਲੇ ਵਿੱਚ ਹਾਈਕੋਰਟ ਵਿੱਚ ਲੜੇ ਹਨ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਸੌਦਾ ਸਾਧ ਨਾਲ ਵੀ AG ਘਈ ਦੀ ਨਜ਼ਦੀਕੀਆਂ ਨੇ, ਅਜਿਹੇ ਵਿੱਚ ਬਰਗਾੜੀ,ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਵਿੱਚ ਕਿਵੇਂ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਇਨਸਾਫ਼ ਦਵਾ ਸਕਣਗੇ। ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪ ਸੁਪ੍ਰੀਮੋ ਕੇਜਰੀਵਾਲ ਨੂੰ ਵੀ ਸਿੱਧੀ ਚਿਤਾਵਨੀ ਦਿੱਤੀ ਹੈ।
ਦਾਦੂਵਾਲ ਦੀ ਚਿ ਤਾਵਨੀ
HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰ ਸੀਐੱਮ ਅਰਵਿੰਦ ਕੇਜਰੀਵਾਲ ਨੇ 24 ਘੰਟਿਆਂ ਦੇ ਅੰਦਰ ਬੇਅਦਬੀ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਇੱਕ ਤੋਂ ਬਾਅਦ ਇੱਕ ਹਰ ਵਾਅਦੇ ਤੋਂ ਪਿੱਛੇ ਹੱਟ ਰਹੇ ਹਨ। ਦਾਦੂਵਾਲ ਨੇ ਕਿਹਾ ਕਿ AG ਦੇ ਤੌਰ ‘ਤੇ ਵਿਨੋਦ ਘਈ ਦੀ ਨਿਯੁਕਤੀ ਬਰਗਾੜੀ ਦੇ ਦੋਸ਼ੀਆਂ ਦੀ ਪੁਸ਼ਤ ਪਨਾਈ ਵਾਂਗ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੇ AG ਅਹੁਦੇ ਤੋਂ ਵਿਨੋਦ ਘਈ ਨੂੰ ਨਹੀਂ ਹਟਾਇਆ ਤਾਂ ਹਰ ਇੱਕ ਪੰਜਾਬੀ ਉਨ੍ਹਾਂ ਨੂੰ ਸਬਕ ਸਿਖਾਏਗਾ। ਦਾਦੂਵਾਲ ਨੇ ਸੰਗਰੂਰ ਜ਼ਿਮਨੀ ਚੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚ ਲੋਕਾਂ ਨੇ ਇਕਮੁੱਠ ਹੋ ਕੇ ਆਪ ਨੂੰ ਹਰਾਇਆ ਹੈ, ਇਸੇ ਤਰ੍ਹਾਂ ਹੀ ਇਸ ਦਾ ਅੰਜ਼ਾਮ ਪਾਰਟੀ ਨੂੰ ਭੁਗਤਨਾ ਪਵੇਗਾ।
9 ਮਹੀਨੇ ਦੇ ਅੰਦਰ 5ਵੇਂ AG ਘਈ
ਪੰਜਾਬ ਵਿੱਚ 9 ਮਹੀਨੇ ਦੇ ਅੰਦਰ 4 ਐਡਵੋਕੇਟ ਬਦਲੇ ਗਏ ਹਨ। ਕੈਪਟਨ ਸਰਕਾਰ ਵਿੱਚ ਐਡਵੋਕੇਟ ਅਤੁਲ ਨੰਦਾ AG ਸਨ, ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ ਤਾਂ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਤੋਂ ਬਾਅਦ DS ਪਟਵਾਲਿਆ ਨੂੰ AG ਬਣਾਇਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਦੀ ਥਾਂ ਅਨਮੋਲ ਰਤਨ ਸਿੰਘ ਸਿੱਧੂ ਨੇ ਲਈ।