ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਨੂੰ ਦੁਬਾਰਾ ਫੇਰ ਤੋਂ ਭੱਠ ‘ਚ ਝੋਕਣ ਲਈ ਅਤੇ ਪੰਜਾਬ ਦੀ ਅਮਨ ਸ਼ਾਤੀ ਨੂੰ ਭੰਗ ਕਰਨ ਲਈ ਹੱਥਕੰਢੇ ਅਪਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਹ ਲੋਕ ਨੇ ਜੋ ਬੜੇ ਲੰਮੇ ਸਮੇਂ ਤੋਂ ਸਿੱਖ ਗੁਰੂ ਸਹਿਬਾਨ ਬਾਰੇ, ਸਿੱਖ ਸ਼ਹੀਦਾਂ ਬਾਰੇ ਮਾੜੇ ਬੋਲ ਬੋਲਦੇ ਆ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨ ਬਾਰੇ, ਸਿੱਖ ਸ਼ਹੀਦਾਂ ਬਾਰੇ ਮਾੜੇ ਬੋਲ ਵਾਲੇ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਉਹ ਹੋਰ ਬੇਖੌਫ ਹੋ ਕੇ ਹਰ ਧਰਮ ਬਾਰੇ ਭੈੜੇ ਬੋਲ ਬੋਲਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਅਸੀਂ ਜਦੋਂ ਤੱਕ ਇਸਦੀ ਜੜ ਤੱਕ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਪੰਜਾਬ ਦੀ ਅਮਨ ਸ਼ਾਤੀ ਭੰਗ ਹੁੰਦੀ ਰਹੇਗੀ।
ਸ਼ਿਵ ਸੈਨਾ ਪੰਜਾਬ ਦੇ ਆਗੂ ਸੁਧੀਰ ਸੂਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਜਦੋਂ ਸੂਰੀ ਨੇ ਸ਼ੁਰੂ ‘ਚ ਹੀ ਕਿਸੇ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਸੀ ਉਦੋਂ ਹੀ ਉਸਨੂੰ ਰੋਕਣਾ ਚਾਹੀਦਾ ਸੀ , ਉਸ ‘ਤੇ ਕੇਸ ਦਰਜ ਕਰ ਕਾਰਵਾਈ ਕੀਤੀ ਜਾਣੀ ਸੀ ਪਰ ਇਸਦੇ ਉਲਟ ਉਸਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ।
ਬਲਦੇਵ ਸਿੰਘ ਸਿਰਸਾ ਨੇ ਪੰਜਾਬ ਸਰਕਾਰ , ਕੇਂਦਰ ਦੀਆਂ ਖੂਫੀਆਂ ਏਜੰਸੀਆਂ ਨੂੰ ਸਵਾਲ ਕੀਤਾ ਕਿ ਜਿਸ ਵਿਅਕਤੀ ਨੂੰ ਇੰਨੀ ਸੁਰੱਖਿਆ ਦਿੱਤੀ ਜਾਂਦੀ ਹੈ ਉਸਦੀ ਪੰਜਾਬ ਨੂੰ ਅਤੇ ਲੋਕਾਂ ਨੂੰ ਦੇਣ ਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸ ਵਿਅਕਤੀ ਨੇ ਸੁਧੀਰ ਸੂਰੀ ਦਾ ਕਤਲ ਕੀਤਾ ਹੈ ਉਸਨੇ ਆਪਣੀ ਸੋਚ ਅਤੇ ਆਪਣੇ ਫ਼ੈਸਲੇ ਦੇ ਮੁਤਾਬਿਕ ਕੀਤਾ ਹੈ ਇਸਦੇ ਪਿੱਛੇ ਕੋਈ ਪੰਜਾਬ ਵਿਰੋਧੀ ਤਾਕਤ ਨਹੀਂ ਹੈ । ਕਿਸਾਨ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਦੇ ਹੱਕ ‘ਚ ਬੋਲਦਿਆਂ ਕਿਹਾ ਕਿ ਹੁਣ ਸਰਕਾਰ ਵੱਲੋਂ ਅੰਮ੍ਰਿਤਪਾਲ ਨੂੰ ਨਜ਼ਰਬੰਦ ਕੀਤਾ ਗਿਆ ਹੈ ਇਹ ਇੱਕਦਮ ਗਲਤ ਤਰੀਕਾ ਹੈ।