Punjab Religion

ਬਲਦੇਵ ਸਿੰਘ ਸਿਰਸਾ ਵੱਲੋਂ SGPC ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਮ!

ਅੰਮ੍ਰਿਤਸਰ: ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ’ਚ SGPC ’ਤੇ ਬੇਅਦਬੀ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਐਸਜੀਪੀਸੀ ਵੱਲੋਂ ਸਿੱਖ ਗੁਰੂਆਂ ਲਈ ਅਪਮਾਨਜਨਕ ਸ਼ਬਦਾਂ ਵਾਲੀ ਕਿਤਾਬ ਪ੍ਰਕਾਸ਼ਿਤ ਕਰ ਕੇ ਵੰਡਣਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ।

ਦਰਅਸਲ ਖ਼ਾਲਸਾ ਪੰਥ ਦੀ ਸਥਾਪਨਾ ਦੇ 300 ਸਾਲਾ ਪ੍ਰੋਗਰਾਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਵਾਦਤ ਕਿਤਾਬ ਛਾਪੀ ਸੀ, ਜਿਸ ਵਿਚ ਸਿੱਖ ਗੁਰੂਆਂ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਹਨ। ਉਸ ਕਿਤਾਬ ਦੇ ਸਬੰਧ ਵਿੱਚ ਹੀ ਸਿਰਸਾ SGPC ’ਤੇ ਬੇਅਦਬੀ ਦੇ ਇਲਜ਼ਾਮ ਲਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਿਤਾਬ ਪੜ੍ਹਨ ਮਗਰੋਂ ਉਨ੍ਹਾਂ ਨੇ ਇਹ ਮਾਮਲਾ ਐਸਜੀਪੀਸੀ ਦੇ ਸਾਹਮਣੇ ਚੁੱਕਿਆ ਸੀ ਤਾਂ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਸਾਲ 2007 ਵਿਚ ਇਸ ਕਿਤਾਬ ਨੂੰ ਵਾਪਸ ਕਰਨ ਦੀ ਅਪੀਲ ਕੀਤੀ, ਪਰ ਪ੍ਰਕਾਸ਼ਿਤ ਕੀਤੀਆਂ ਕਾਪੀਆਂ ਵਿੱਚੋਂ ਅੱਜ ਤਕ ਸਿਰਫ਼ ਪੰਜ ਕਾਪੀਆਂ ਹੀ ਵਾਪਸ ਆਈਆਂ ਹਨ। ਸਿਰਸਾ ਮੁਤਾਬਕ ਇਹ ਕਾਪੀਆਂ ਦੀਆਂ ਕਈ ਲੋਕਾਂ ਨੇ ਫ਼ੋਟੋ ਕਾਪੀਆਂ ਕਰਵਾਈਆਂ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।

ਸਿਰਸਾ ਨੇ ਕਿਹਾ ਕਿ ਅੱਜਕਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਅਪਣੀਆਂ ਪੁਰਾਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਣ ਦੀ ਦੌੜ ਲੱਗੀ ਹੈ, ਪਰ ਸਿੱਖ ਗੁਰੂਆਂ ਨੂੰ ਥੱਲੇ ਦਿਖਾਉਣ ਵਾਲੀ ਇਸ ਕਿਤਾਬ ਬਾਰੇ ਕੋਈ ਵੀ ਇੱਕ ਸ਼ਬਦ ਨਹੀਂ ਬੋਲ ਰਿਹਾ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਪੀੜਾ ਦੇਣ ਵਾਲੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਾਲੇ ਦੋਸ਼ੀਆਂ ਨੂੰ ਤਲਬ ਕਰ ਕੇ ਜਲਦ ਤੋਂ ਜਲਦ ਸਜ਼ਾ ਦਿਤੀ ਜਾਣੀ ਬਹੁਤ ਜ਼ਰੂਰੀ ਹੈ।